ਤਰਨ ਤਾਰਨ ਦੇ ਪਿੰਡਾਂ ’ਚ ਹੜ੍ਹ ਦੀ ਮਾਰ; 150 ਏਕੜ ਜ਼ਮੀਨ ’ਚ ਅਜੇ ਵੀ ਖੜ੍ਹਾ ਪਾਣੀ; ਸਰਕਾਰ ਤੋਂ ਪਾਣੀ ਦੀ ਨਿਕਾਸੀ ਕਰਨ ਦੀ ਮੰਗ

0
2

ਸਤਲੁਜ ਦਰਿਆ ਦੇ ਮਾਰ ਹੇਠ ਆਏ ਪਿੰਡ ਝੁੱਗੀਆਂ ਪੀਰ ਮੁਹੰਮਦ ਅਤੇ ਪਿੰਡ ਭੰਗਾਲੇ ਸੈਂਕੜੇ ਏਕੜ ਜ਼ਮੀਨ ਅਜੇ ਵੀ ਪਾਣੀ ਮਾਰ ਹੇਠ ਆਈ ਹੋਈ ਐ। ਇੱਥੇ ਖੜ੍ਹਿਆ ਪਾਣੀ ਕਾਲਾ ਹੋ ਚੁੱਕਾ ਐ, ਜਿਸ ਵਿਚ ਵੱਡੀ ਗਿਣਤੀ ਵਿਚ ਮੱਛਰ, ਮੱਖੀ ਤੇ ਜਹਿਰੀਲੇ ਜੀਵ ਪੈਦਾ ਹੋ ਰਹੇ ਨੇ। ਇਥੇ ਲਗਾਤਾਰ ਖੜ੍ਹੇ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਵੀ ਪੈਦਾ ਹੋ ਗਿਆ ਐ। ਸਥਾਨਕ ਵਾਸੀਆਂ ਦੇ ਦੱਸਣ ਮੁਤਾਬਕ ਸਰਕਾਰ ਨੇ ਅਜੇ ਤਕ ਪਾਣੀ ਦੀ ਨਿਕਾਸੀ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਪਾਣੀ ਦੀ ਛੇਤੀ ਨਿਕਾਸੀ ਨਾ ਹੋਈ ਤਾਂ ਇੱਥੇ ਬਿਮਾਰੀਆਂ ਫੈਲਣ ਦੇ ਨਾਲ ਨਾਲ ਅਗਲੀ ਕਣਕ ਦੀ ਫਸਲ ਦੀ ਬਿਜਾਈ ਵੀ ਪੱਛੜ ਸਕਦੀ ਐ। ਸਥਾਨਕ ਵਾਸੀਆਂ ਨੇ ਪਾਣੀ ਦੀ ਨਿਕਾਸੀ ਦੇ ਛੇਤੀ ਪ੍ਰਬੰਧ ਕਰਨ ਦੀ ਮੰਗ ਕੀਤੀ ਐ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੀੜਤ ਕਿਸਾਨ ਭੁਪਿੰਦਰ ਸਿੰਘ ਰਣਜੀਤ ਸਿੰਘ ਨੇ ਦੱਸਿਆ ਕਿ ਪਿੰਡ ਭੰਗਾਲਾ ਅਤੇ ਪਿੰਡ ਪੀਰ ਬਖਸ਼ ਦੀ ਡੇਢ ਸੌ ਕਿੱਲਾ ਜਮੀਨ ਦਾ ਰਕਬਾ ਹੈ ਜਿਸ ਵਿੱਚ ਸਤਲੁਜ ਦਰਿਆ ਦਾ ਪਾਣੀ ਭਰਿਆ ਹੋਇਆ ਹੈ ਅਤੇ ਇਹ ਪਾਣੀ ਅਜੇ ਵੀ ਛੇ ਤੋਂ ਸੱਤ ਫੁੱਟ ਦੇ ਕਰੀਬ ਖੜਾ ਹੋਇਆ ਹੈ। ਉਹਨਾਂ ਕਿਹਾ ਕਿ ਇਸ ਪਾਣੀ ਨੂੰ ਕੱਢਣ ਲਈ ਉਹਨਾਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਪਰ ਪ੍ਰਸ਼ਾਸਨ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ।
ਪੀੜਤ ਕਿਸਾਨਾਂ ਨੇ ਦੱਸਿਆ ਕਿ ਜਦੋਂ ਪਾਣੀ ਦਾ ਪੂਰਾ ਜ਼ੋਰ ਸੀ ਅਤੇ ਹੜਾਂ ਦੀ ਮਾਰ ਇਸ ਇਲਾਕੇ ਨੂੰ ਪਈ ਹੋਈ ਸੀ ਤਾਂ ਉਦੋਂ ਇਲਾਕੇ ਦੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਇੱਕ ਵਾਰ ਇਧਰ ਆਏ ਸਨ ਅਤੇ ਉਹਨਾਂ ਦੇ ਇਲਾਕੇ ਨੂੰ ਇੱਕ ਸਮਰਸੀਬਲ ਪੰਪ ਦੇ ਗਏ ਸਨ ਜਿਸ ਨਾਲ ਉਹ ਪਾਣੀ ਕੱਢ ਰਹੇ ਸਨ ਪਰ ਹੁਣ ਦੋ ਹਫਤੇ ਦੇ ਕਰੀਬ ਹੋ ਚੱਲਿਆ ਹੈ ਕਿ ਉਸ ਸਮਰਸੀਬਲ ਵਿੱਚ ਡੀਜ਼ਲ ਤੇਲ ਹੀ ਨਹੀਂ ਪਾਇਆ ਜਾ ਰਿਹਾ, ਜਿਸ ਕਾਰਨ ਪੰਪ ਬੰਦ ਹੋ ਗਏ ਨੇ।
ਪੀੜਤ ਕਿਸਾਨਾਂ ਨੇ ਦੱਸਿਆ ਕਿ ਜੇ ਇਹ ਪਾਣੀ ਇਸੇ ਤਰ੍ਹਾਂ ਹੀ ਖੜਾ ਰਿਹਾ ਉੱਥੇ ਜਿੱਥੇ ਭਿਆਨਕ ਬਿਮਾਰੀਆਂ ਫੈਲਣਗੀਆਂ ਉੱਥੇ ਹੀ ਆਉਣ ਵਾਲੇ ਕਣਕ ਦੇ ਸੀਜਨ ਵਿੱਚ ਉਹ ਆਪਣੇ ਦੂਜੀ ਕਣਕ ਦੀ ਫਸਲ ਵੀ ਨਹੀਂ ਬੀਜ ਸਕਣਗੇ ਜਿਸ ਕਰਕੇ ਉਹਨਾਂ ਦਾ ਭਾਰੀ ਨੁਕਸਾਨ ਹੋਰ ਹੋ ਜਾਵੇਗਾ। ਪੀੜਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਖਰਾਬ ਹੋਈ ਫਸਲ ਦਾ ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਜਲਦੀ ਤੋਂ ਜਲਦੀ ਇਸ ਗੰਦੇ ਪਾਣੀ ਦੀ ਨਿਕਾਸੀ ਕੀਤੀ ਜਾਵੇ।

LEAVE A REPLY

Please enter your comment!
Please enter your name here