ਰੋਪੜ ਦੇ ਸਿਵਲ ਹਸਪਤਾਲ ਵਿਖੇ 11 ਸਾਲਾ ਲੜਕੀ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਖਬਰ ਐ। ਪਰਿਵਾਰ ਨੇ ਲੜਕੀ ਦੀ ਮੌਤ ਲਈ ਡਾਕਟਰ ਨੂੰ ਜ਼ਿੰਮੇਵਾਰ ਦਸਦਿਆਂ ਜਾਂਚ ਮੰਗੀ ਐ। ਪਰਿਵਾਰ ਦੇ ਦੱਸਣ ਮੁਤਾਬਕ 11 ਸਾਲਾ ਸ਼ਾਹੇਨਾ ਨੂੰ ਪੇਟ ਵਿਚ ਦਰਦ ਦੇ ਚਲਦਿਆਂ ਹਸਪਤਾਲ ਲੈ ਕੇ ਆਏ ਸਨ ਪਰ ਡਾਕਟਰ ਦੇ ਗੈਰ ਹਾਜਰ ਹੋਣ ਕਾਰਨ ਨਰਸਾਂ ਨੇ ਇਲਾਜ ਕੀਤਾ, ਜਿਸ ਦੇ ਚਲਦਿਆਂ ਲੜਕੀ ਦੀ ਮੌਤ ਹੋ ਗਈ ਐ। ਪਰਿਵਾਰ ਦਾ ਇਲਜਾਮ ਐ ਕਿ ਜੇਕਰ ਡਾਕਟਰ ਨੇ ਸਮਾਂ ਰਹਿੰਦੇ ਵੇਖ ਕੇ ਇਲਾਜ ਕੀਤਾ ਹੁੰਦਾ ਤਾਂ ਲੜਕੀ ਦੀ ਜਾਨ ਬੱਚ ਸਕਦੀ ਸੀ। ਸਿਵਲ ਹਸਪਤਾਲ ਦੇ ਐਸਐਮਓ ਨੇ ਕਿਹਾ ਕਿ ਬੱਚੀ ਨੂੰ ਬਚਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਸੀ ਪਰ ਇਸ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਲੜਕੀ ਦੇ ਪਿਤਾ ਸ਼ਾਹਨਵਾਜ਼ ਰਿਜਵੀ ਨੇ ਦੱਸਿਆ ਕਿ ਜੇਕਰ ਉਸ ਨੂੰ ਸਮੇਂ ਸਿਰ ਡਾਕਟਰ ਨੇ ਵੇਖਿਆ ਹੁੰਦਾ ਤਾਂ ਮੇਰੀ ਧੀ ਅੱਜ ਵੀ ਜਿੰਦਾ ਹੁੰਦੀ। ਪਰਿਵਾਰਕ ਮੈਂਬਰਾਂ ਮੁਤਾਬਕ ਥੋੜ੍ਹੀ ਦੇਰ ਬਾਅਦ ਇਕ ਡਾਕਟਰ ਆਇਆ ਅਤੇ ਸ਼ਾਹੇਨਾ ਨੂੰ ਟੀਕਾ ਲਗਾਇਆ ਗਿਆ। ਹਾਲਾਂਕਿ ਟੀਕਾ ਲੱਗਣ ਦੇ ਕੁਝ ਮਿੰਟਾਂ ਦੇ ਅੰਦਰ ਹੀ ਉਸ ਦਾ ਸਾਹ ਤੇਜ਼ ਹੋ ਗਿਆ ਅਤੇ ਉਸ ਦੀ ਹਾਲਤ ਵਿਗੜ ਗਈ। ਡਾਕਟਰੀ ਸਹਾਇਤਾ ਮਿਲਣ ਦੇ ਬਾਵਜੂਦ ਸ਼ਾਹੇਨਾ ਦੀ ਹਸਪਤਾਲ ’ਚ ਮੌਤ ਹੋ ਗਈ। ਪਰਿਵਾਰ ਨੇ ਹਸਪਤਾਲ ਪ੍ਰਸਾਸ਼ਨ ‘ਤੇ ਲਾਪਰਵਾਹੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਜੇਕਰ ਸਹੀ ਇਲਾਜ ਮਿਲਦਾ ਤਾਂ ਬੱਚੀ ਦੀ ਜਾਨ ਬਚਾਈ ਜਾ ਸਕਦੀ ਸੀ।
ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਨੇ ਕਿਹਾ ਕਿ ਲੜਕੀ ਦਾ ਐਮਰਜੈਂਸੀ ਰੂਮ ’ਚ ਇਲਾਜ ਕੀਤਾ ਗਿਆ ਅਤੇ ਪੇਟ ਦਰਦ ਲਈ ਦੋ ਟੀਕੇ ਲਗਾਏ ਗਏ। ਉਸ ਦੀ ਹਾਲਤ ਅਚਾਨਕ ਵਿਗੜ ਗਈ ਅਤੇ ਸਾਰੀਆਂ ਕੋਸ਼ਿਸਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਐੱਸ. ਐੱਮ. ਓ. ਨੇ ਕਿਹਾ ਕਿ ਪਰਿਵਾਰ ਵੱਲੋਂ ਲਿਖਤੀ ਸ਼ਕਾਇਤ ਮਿਲਣ ‘ਤੇ ਸੀ. ਸੀ. ਟੀ. ਵੀ. ਫੁਟੇਜ ਸਮੇਤ ਪੂਰੀ ਜਾਂਚ ਲਈ ਇਕ ਬੋਰਡ ਬਣਾਇਆ ਜਾਵੇਗਾ।