ਸੁਨਾਮ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਫੈਲੀ ਬੁਖਾਰ ਵਾਲੀ ਬਿਮਾਰੀ ਹੁਣ ਹੌਲੀ-ਹੌਲੀ ਕੰਟਰੋਲ ਵਿੱਚ ਆਉਂਦੀ ਨਜ਼ਰ ਆ ਰਹੀ ਹੈ। ਸਿਹਤ ਵਿਭਾਗ ਦੀਆਂ ਟੀਮਾਂ ਨੇ ਲਗਾਤਾਰ ਕਾਰਜਸ਼ੀਲ ਰਹਿੰਦਿਆਂ ਇਸ ਬਿਮਾਰੀ ਨੂੰ ਕਾਬੂ ਕਰਨ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਹਨ। ਸਿਵਲ ਸਰਜਨ ਸੰਗਰੂਰ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਬੁਖਾਰ ਦੇ ਐਕਟਿਵ ਕੇਸਾਂ ਵਿੱਚ ਕਾਫ਼ੀ ਕਮੀ ਆਈ ਐ ਜੋ ਕਿ ਸਿਹਤ ਵਿਭਾਗ ਲਈ ਵੱਡੀ ਰਾਹਤ ਵਾਲੀ ਗੱਲ ਐ। ਦੱਸਣਯੋਗ ਐ ਕਿ ਬੀਤੇ ਦਿਨਾਂ ਦੌਰਾਨ ਚਿਕਨਗੁਨਿਆ ਵਰਗੇ ਲੱਛਣਾਂ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ ਸੀ, ਜਿਸ ਵਿਚ ਹੁਣ ਕਮੀ ਦਰਜ ਹੋਣ ਤੋਂ ਬਾਅਦ ਸਿਹਤ ਵਿਭਾਗ ਨੇ ਸੁਖ ਦਾ ਸਾਹ ਲਿਆ ਐ।
ਜਾਣਕਾਰੀ ਅਨੁਸਾਰ ਬੀਤੇ ਦਿਨਾਂ ਦੌਰਾਨ ਲਗਭਗ ਹਰ ਮੁਹੱਲੇ ਵਿੱਚ ਇਸ ਅਲਾਮਤ ਨੇ ਲੋਕਾਂ ਨੂੰ ਆਪਣੀ ਚਪੇਟ ਵਿੱਚ ਲਿਆ ਸੀ। ਕਈ ਘਰਾਂ ਵਿੱਚ ਤਾਂ ਲਗਭਗ ਹਰ ਮੈਂਬਰ ਬੁਖਾਰ, ਖਾਂਸੀ ਅਤੇ ਬਦਨ ਦਰਦ ਨਾਲ ਪੀੜਤ ਹੋ ਗਿਆ ਸੀ। ਡਾਕਟਰਾਂ ਦੇ ਅਨੁਸਾਰ ਹਾਲਾਂਕਿ ਟੈਸਟਾਂ ਵਿੱਚ ਕਿਸੇ ਵੀ ਗੰਭੀਰ ਬਿਮਾਰੀ ਦੀ ਪੁਸ਼ਟੀ ਨਹੀਂ ਹੋਈ, ਪਰ ਮਰੀਜ਼ਾਂ ਦੇ ਲੱਛਣ ਕਾਫ਼ੀ ਪਰੇਸ਼ਾਨੀ ਵਾਲੇ ਸਨ।
ਇਸ ਸਥਿਤੀ ਨੂੰ ਕਾਬੂ ਕਰਨ ਲਈ ਸਿਹਤ ਵਿਭਾਗ ਨੇ ਖਾਸ ਰਣਨੀਤੀ ਅਪਣਾਈ। ਸ਼ਹਿਰ ਵਿੱਚ ਕਈ ਟੀਮਾਂ ਬਣਾ ਕੇ ਗਲੀ-ਗਲੀ ਸਫਾਈ ਕਰਵਾਈ ਗਈ, ਹਰ ਇਲਾਕੇ ਵਿੱਚ ਫੋਗਿੰਗ ਕੀਤੀ ਗਈ, ਅਤੇ ਜਿੱਥੇ ਵੀ ਪਾਣੀ ਖੜ੍ਹਾ ਸੀ ਉਸਦੀ ਨਿਕਾਸੀ ਯਕੀਨੀ ਬਣਾਈ ਗਈ। ਇਸਦੇ ਨਾਲ-ਨਾਲ ਡਾਕਟਰਾਂ ਨੇ ਲੋਕਾਂ ਦੇ ਘਰ-ਘਰ ਜਾ ਕੇ ਚੈੱਕਅੱਪ ਕੀਤੇ, ਤਾਂ ਜੋ ਬਿਮਾਰੀ ਦਾ ਫੈਲਾਅ ਰੋਕਿਆ ਜਾ ਸਕੇ। ਡਾ. ਅਮਰਜੀਤ ਕੌਰ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਉਹਨਾਂ ਕਿਹਾ ਕਿ ਜੇ ਕਿਸੇ ਪਰਿਵਾਰ ਵਿੱਚ ਬੁਖਾਰ ਜਾਂ ਬਦਨ ਦਰਦ ਵਾਲਾ ਵਿਅਕਤੀ ਪਾਇਆ ਜਾਂਦਾ ਹੈ ਤਾਂ ਉਸਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਵੇ। ਸਮੇਂ ਸਿਰ ਇਲਾਜ ਨਾਲ ਮਰੀਜ਼ ਨੂੰ ਰਾਹਤ ਵੀ ਮਿਲੇਗੀ ਅਤੇ ਬਿਮਾਰੀ ਦੇ ਫੈਲਣ ਦੇ ਖਤਰੇ ਨੂੰ ਵੀ ਘਟਾਇਆ ਜਾ ਸਕੇਗਾ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਬਾਵਜੂਦ ਕੇਸ ਘਟ ਰਹੇ ਹਨ, ਪਰ ਉਹਨਾਂ ਦੀਆਂ ਟੀਮਾਂ ਅਜੇ ਵੀ ਪੂਰੀ ਤਰ੍ਹਾਂ ਐਕਟਿਵ ਹਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਜਾਰੀ ਹੈ।