ਡਿਪਟੀ ਕਮਿਸ਼ਨਰ ਗੁਰਦਾਸਪੁਰ ਦਲਵਿੰਦਰਜੀਤ ਸਿੰਘ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਣ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਐ। ਇਸੇ ਤਹਿਤ ਅੱਜ ਉਹ ਬਟਾਲਾ ਦੇ ਪਿੰਡ ਮਸਾਣੀਆ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਕਿਸਾਨਾਂ ਨਾਲ ਮੀਟਿੰਗ ਕਰ ਕੇ ਪਰਾਲੀ ਨਾ ਸਾੜਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਿਛਲੇ ਸਾਲਾਂ ਦੌਰਾਨ ਪਰਾਲੀ ਨਾ ਸਾੜਣ ਵਾਲੇ 10 ਅਗਾਹਵਧੂ ਕਿਸਾਨਾਂ ਨੂੰ ਸਨਮਾਨਤ ਕੀਤਾ ਅਤੇ ਹੋਰ ਕਿਸਾਨਾਂ ਨੂੰ ਵੀ ਇਨ੍ਹਾਂ ਤੋਂ ਸੇਧ ਲੈ ਕੇ ਪਰਾਲੀ ਨਾ ਸਾੜਣ ਦੀ ਅਪੀਲ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਮਿੱਟੀ ਦੀ ਸਿਹਤ ਤੰਦਰੁਸਤ ਹੋਵੇਗੀ ਤਾਂ ਪੈਦਾ ਹੋਇਆ ਅਨਾਜ ਵੀ ਮਿਆਰੀ ਹੋਵੇਗਾ, ਇਸ ਲਈ ਪਰਾਲੀ ਦਾ ਸਹੀ ਨਿਪਟਾਰਾ ਜ਼ਰੂਰੀ ਐ।
ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਵਿਚ ਬਹੁਤ ਸਾਰੇ ਖੁਰਾਕੀ ਤੱਤ ਮੌਜੂਦ ਹੁੰਦੇ ਹਨ ਜੋਂ ਅੱਗ ਲੱਗਣ ਕਾਰਨ ਖਤਮ ਹੋ ਜਾਂਦੇ ਹਨ। ਡਿਪਟੀ ਕਮਿਸ਼ਨਰ ਨੇ ਮਸਾਣੀਆਂ ਅਤੇ ਨੇੜਲੇ ਪਿੰਡਾਂ ਵਿੱਚ ਆਏ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮੂਹਿਕ ਸਹਿਯੋਗ ਨਾਲ ਫਸਲ ਦੀ ਰਹਿੰਦ ਖੂੰਹਦ ਨਾ ਸਾੜਨ ਦੀ ਮੁਹਿੰਮ ਨੂੰ ਕਾਮਯਾਬ ਕੀਤਾ ਜਾਵੇਗਾ। ਇਸ ਮੌਕੇ ਸੁਹੇਲ ਕਾਸਿਮ ਮੀਰ ਐਸ.ਐਸ.ਪੀ ਬਟਾਲਾ, ਵਿਕਰਮਜੀਤ ਸਿੰਘ ਪਾਂਥੇ ਐਸ.ਡੀ.ਐਮ ਬਟਾਲਾ, ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਸਮੇਤ ਪਿੰਡ ਦੇ ਕਿਸਾਨ ਆਦਿ ਮੌਜੂਦ ਸਨ।