ਪੰਜਾਬ ਅਜਨਾਲਾ ’ਚ ਹੜ੍ਹ ਪੀੜਤਾਂ ਦੇ ਹੱਕ ’ਚ ਨਿਤਰਿਆ ਗ੍ਰੰਥੀ ਸਿੰਘ; ਛਿਮਾਹੀ ਦੀ ਉਗਰਾਹੀ ਨਾ ਲੈਣ ਦਾ ਫੈਸਲਾ By admin - September 24, 2025 0 4 Facebook Twitter Pinterest WhatsApp ਹੜ੍ਹ ਪੀੜਤਾਂ ਦੀ ਮਦਦ ਲਈ ਜਿੱਥੇ ਵੱਡੀ ਗਿਣਤੀ ਸਮਾਜ ਸੇਵੀਆਂ ਤੇ ਸਰਕਾਰ ਵੱਲੋਂ ਜਤਨ ਕੀਤੇ ਜਾ ਰਹੇ ਨੇ ਉੱਥੇ ਹੀ ਆਮ ਲੋਕ ਵੀ ਤਿਲ-ਫੁਲ ਦੇ ਕੇ ਆਪਣਾ ਯੋਗਦਾਨ ਪਾ ਰਹੇ ਨੇ। ਅਜਿਹੀ ਹੀ ਉਦਾਹਰਨ ਅਜਨਾਲਾ ਦੇ ਪਿੰਡ ਫੁੱਲੇਚੱਕ ਤੋਂ ਸਾਹਮਣੇ ਆਈ ਐ ਜਿੱਥੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰ ਰਹੇ ਗ੍ਰੰਥੀ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਮੱਦੇਨਜ਼ਰ ਇਸ ਵਾਰ ਆਪਣੀ ਤਨਖਾਹ ਵਜੋਂ ਕੀਤੀ ਜਾਂਦੀ ਛਿਮਾਹੀ ਦੀ ਉਗਰਾਹੀ ਨਾ ਲੈਣ ਦਾ ਫੈਸਲਾ ਕੀਤਾ ਐ। ਉਨ੍ਹਾਂ ਕਿਹਾ ਕਿ ਲੋਕ ਖੁਦ ਮੁਸੀਬਤਾਂ ਨਾਲ ਜੂਝ ਰਹੇ ਨੇ, ਇਸ ਲਈ ਉਹ ਔਖੇ ਵੇਲੇ ਸਾਥ ਦੇਣ ਖਾਤਰ ਇਸ ਵਾਰ ਉਗਰਾਹੀ ਨਹੀਂ ਲੈਣਗੇ। ਗ੍ਰੰਥੀ ਸਿੰਘ ਦੀ ਇਸ ਦਰਿਆਦਿਲੀ ਦੀ ਸੰਗਤ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਐ। ਗ੍ਰੰਥੀ ਸਿੰਘ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੜ੍ਹਾਂ ਕਾਰਨ ਲੋਕਾਂ ਦੀਆਂ ਫਸਲਾਂ ਬਰਬਾਦ ਹੋਈਆਂ ਹਨ ਤੇ ਉਹਨਾਂ ਨੂੰ ਵੱਡੇ ਨੁਕਸਾਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੀੜਤਾਂ ਨੂੰ ਢਾਰਸ ਦੇਣੀ ਚਾਹੀਦੀ ਐ। ਉਨ੍ਹਾਂ ਨੇ ਦੱਸਿਆ ਕਿ ਇਹ ਫ਼ੈਸਲਾ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਸਲਾਹ ਕਰਨ ਉਪਰੰਤ ਲਿਆ ਹੈ, ਤਾਂ ਜੋ ਹੜ੍ਹ ਪੀੜਤ ਪਰਿਵਾਰਾਂ ਉੱਤੇ ਵਿੱਤੀ ਬੋਝ ਘੱਟ ਹੋਵੇ ਤੇ ਸੰਗਤਾਂ ਨੂੰ ਕੁਝ ਰਾਹਤ ਮਿਲ ਸਕੇ। ਇਹ ਕਦਮ ਸਾਬਤ ਕਰਦਾ ਹੈ ਕਿ ਗੁਰੂ ਘਰ ਦੇ ਸੇਵਾਦਾਰ ਸਿਰਫ ਧਾਰਮਿਕ ਨਹੀਂ ਸਗੋਂ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਵਿੱਚ ਵੀ ਅੱਗੇ ਰਹਿੰਦੇ ਹਨ।