ਸਰਹੱਦਾਂ ਤੇ ਤੈਨਾਤ ਬੀਐਸਐਫ ਜਵਾਨਾਂ ਨੇ ਖੁਦ ਹੜ੍ਹਾਂ ਦੀ ਮਾਰ ਵਿਚ ਆਉਣ ਦੇ ਬਾਵਜੂਦ ਲੋਕਾਂ ਦੀਆਂ ਜਾਨਾਂ ਬਚਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਐਸਐਫ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਜੇਕੇ ਬਿਰਦੀ ਨੇ ਦੱਸਿਆ ਕਿ ਹੜ੍ਹ ਦਾ ਪਾਣੀ ਪਹਿਲਾਂ ਬੀਐਸਐਫ ਦੀ ਚੌਕੀ ਨਾਲ ਟਕਰਾਇਆ ਸੀ। ਬੀਐਸਐਫ ਜਵਾਨਾਂ ਨੇ ਬਾਖੁਫੀ ਡਿਊਟੀ ਨਿਭਾਉਂਦਿਆਂ ਜਿੱਥੇ ਸਰਹੱਦਾਂ ਦੀ ਰਾਖੀ ਕੀਤੀ ਉੱਥੇ ਹੀ ਪੀੜਤ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿਚ ਮਦਦ ਕੀਤੀ। ਬੀਐਸਐਫ ਜਵਾਨਾਂ ਨੇ 550 ਦੇ ਕਰੀਬ ਲੋਕਾਂ ਦੀ ਜਾਨ ਬਚਾਈ ਐ।
ਉਨ੍ਹਾਂ ਦੱਸਿਆ ਕਿ ਇਸ ਹੜ੍ਹ ਨੇ 1988 ਦੇ ਹੜ੍ਹ ਨਾਲੋਂ ਵੱਧ ਨੁਕਸਾਨ ਪਹੁੰਚਾਇਆ ਹੈ, ਕਿਉਂਕਿ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਉਨ੍ਹਾਂ ਦੀ ਸਰਹੱਦੀ ਚੌਕੀ ਪੂਰੀ ਤਰ੍ਹਾਂ ਡੁੱਬ ਗਈ ਸੀ। ਉਨ੍ਹਾਂ ਬੀਐਸਐਫ ਅਤੇ ਫੌਜ ਦੇ ਏਅਰ ਵਿੰਗ ਕਮਾਂਡਰਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਮੁਸ਼ਕਲ ਸਮੇਂ ਦੌਰਾਨ, ਉਨ੍ਹਾਂ ਨੇ ਲਗਭਗ 1,200 ਬੀਐਸਐਫ ਜਵਾਨਾਂ ਅਤੇ 550 ਨਾਗਰਿਕਾਂ ਨੂੰ ਹੜ੍ਹ ਦੇ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ।
ਉਨ੍ਹਾਂ ਅੱਗੇ ਕਿਹਾ ਕਿ ਸਰਹੱਦ ‘ਤੇ ਹੜ੍ਹ ਦੇ ਪਾਣੀ ਦੇ ਬਾਵਜੂਦ, ਦੁਸ਼ਮਣ ਦੁਆਰਾ ਕਿਸੇ ਵੀ ਜਵਾਬੀ ਕਾਰਵਾਈ ਨੂੰ ਰੋਕਣ ਲਈ ਹਰੇਕ ਸਰਹੱਦੀ ਚੌਕੀ ‘ਤੇ 15 ਤੋਂ 20 ਜਵਾਨ ਤਾਇਨਾਤ ਕੀਤੇ ਗਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਜਦੋਂ ਹੜ੍ਹ ਦਾ ਪਾਣੀ ਘੱਟ ਗਿਆ ਹੈ, ਤਾਂ ਬੀਐਸਐਫ ਦੀਆਂ ਸਰਹੱਦੀ ਚੌਕੀਆਂ ਨੂੰ ਹੋਏ ਨੁਕਸਾਨ ਦੀ ਮੁਰੰਮਤ ਕੀਤੀ ਜਾ ਰਹੀ ਹੈ। ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਆਲੇ ਦੁਆਲੇ ਦੇ ਸਰਹੱਦੀ ਖੇਤਰਾਂ ਵਿੱਚ ਮੈਡੀਕਲ ਕੈਂਪ ਲਗਾਏ ਗਏ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਪਾਣੀ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਗੁਰਦੁਆਰੇ ਨੂੰ ਜਾਣ ਵਾਲੀ ਸੜਕ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ ਅਤੇ ਇਸਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਤਾਂ ਜੋ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।