ਪ੍ਰਸਿੱਧ ਸੰਗੀਤਕਾਰ ਚਰਨਜੀਤ ਅਹੂਜਾ ਦਾ ਦੇਹਾਂਤ ਹੋ ਗਿਆ ਐ। ਉਨ੍ਹਾਂ ਨੇ ਆਪਣੇ ਮੋਹਾਲੀ ਵਾਲੇ ਘਰ ਵਿਖੇ 74 ਸਾਲ ਦੀ ਉਮਰ ਵਿਚ ਆਖਰੀ ਸਾਹ ਲਿਆ। ਉਹ ਪਿਛਲੇ ਕਾਫੀ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ, ਜਿਸ ਦਾ ਪੀਜੀਆਈ ਤੋਂ ਇਲਾਜ ਚੱਲ ਰਿਹਾ ਸੀ। ਉਹ ਆਪਣੇ ਪਿੱਛੇ ਤਿੰਨ ਪੁੱਤਰ ਛੱਡ ਗਏ ਹਨ ਜੋ ਸੰਗੀਤ ਇੰਡਸਟਰੀ ਨਾਲ ਹੀ ਜੁੜੇ ਹਨ। ਅੱਜ ਸਵੇਰ ਤੋਂ ਹੀ ਉਨ੍ਹਾਂ ਦੇ ਘਰ ਫਿਲਮ ਅਤੇ ਮਿਊਜਿਕ ਇੰਡਸਟਰੀ ਨਾਲ ਜੁੜੇ ਲੋਕ ਅਫਸੋਸ ਕਰਨ ਲਈ ਪਹੁੰਚੇ ਰਹੇ ਸਨ।
ਇਸ ਤੋਂ ਬਾਅਦ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਮੋਹਾਲੀ ਦੇ ਬਲੌਗੀ ਸਥਿਤ ਸਮਸ਼ਾਨ ਘਾਟ ਵਿਖੇ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਐ। ਉਨ੍ਹਾਂ ਦੀ ਚਿਖਾ ਨੂੰ ਅਗਨੀ ਵੱਡੇ ਪੁੱਤਰ ਸਚਿਨ ਨੇ ਦਿਖਾਈ। ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦੇਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ। ਉਨ੍ਹਾਂ ਦੀ ਇਸ ਬੇਵਕਤੀ ਮੌਤ ‘ਤੇ ਗਾਇਕ ਸੁਰਜੀਤ ਖਾਨ, ਬਾਈ ਹਰਦੀਪ, ਸਤਵਿੰਦਰ ਬੁੱਗਾ, ਗੁਰ ਕਿਰਪਾਲ ਸੂਰਾਪੁਰੀ, ਸੂਫੀ ਬਲਬੀਰ, ਜੈਲੀ, ਆਰ ਦੀਪ ਰਮਨ, ਭੁਪਿੰਦਰ ਬੱਬਲ, ਬਿਲ ਸਿੰਘ ਅਤੇ ਹੋਰ ਅਨੇਕਾਂ ਕਲਾਕਾਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਐ।
ਚਰਨਜੀਤ ਅਹੂਜਾ ਨੇ ਆਪਣੇ ਜੀਵਨ ਕਾਲ ਦੌਰਾਨ ਆਪਣੀਆਂ ਸੰਗੀਤਕ ਧੁਨਾਂ ਦੇ ਨਾਲ ਕਈ ਕਲਾਕਾਰਾਂ ਨੂੰ ਸੰਗੀਤਕ ਦੁਨੀਆਂ ਦੀ ਚੋਟੀ ਉਤੇ ਪਹੁੰਚਾਇਆ। ਚਰਨਜੀਤ ਆਹੁਜਾ ਨੇ ਕਈ ਵੱਡੇ ਸਟਾਰ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਜਿਸ ਵਿੱਚ ਹਰਭਜਨ ਮਾਨ, ਗੁਰਦਾਸ ਮਾਨ, ਸਾਬਰਕੋਟੀ ਸਣੇ ਹੋਰ ਕਈ ਵੱਡੇ ਗਾਇਕ ਇਸ ਸੂਚੀ ਵਿੱਚ ਸ਼ਾਮਿਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਹੰਸ ਰਾਜ ਹੰਸ ਦਾ ਗੀਤ ‘ਕਿਹੜੀ ਗੱਲੋਂ ਸਾਡੇ ਕੋਲੋਂ ਦੂਰ ਦੂਰ ਰਹਿੰਦੇ ਹੋ’ ਇਸ ਦਾ ਸੰਗੀਤ ਵੀ ਉਨ੍ਹਾਂ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਗੀਤ ਸੁਪਰ ਹਿੱਟ ਹੋਣ ਤੋਂ ਬਾਅਦ ਗਾਇਕ ਹੰਸ ਰਾਜ ਹੰਸ ਵੱਡੇ ਸਟਾਰਸ ‘ਚ ਸ਼ਾਮਿਲ ਹੋ ਗਏ ਸਨ।