ਗੁਰਦਾਸਪੁਰ ਵਿੱਚ ਬਿਆਸ ਦਰਿਆ ਦੇ ਪਾਣੀ ਨੇ ਰਿਹਾਇਸ਼ੀ ਇਲਾਕਿਆਂ ਵਿੱਚ ਇਸ ਵਾਰ ਤਬਾਹੀ ਨਹੀਂ ਮਚਾਈ ਪਰ ਬਿਆਜ ਦਰਿਆ ਨੇ ਹਜ਼ਾਰਾਂ ਏਕੜ ਕਿਨਾਰੇ ਤੇ ਸਥਿਤ ਖੇਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ ਅਤੇ ਇਹ ਖੇਤ ਪੂਰੇ ਦੇ ਪੂਰੇ ਦਰਿਆ ਵਿੱਚ ਸਮਾ ਗਏ ਹਨ। ਕਰੋੜਾਂ ਦਾ ਝੋਨਾ ਅਤੇ ਗੰਨਾ ਵੀ ਦਰਿਆ ਵਿੱਚ ਪੂਰੇ ਦਾ ਪੂਰਾ ਸਮਾ ਚੁੱਕਿਆ ਹੈ। ਪੀੜਿਤ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਇਹ ਉਮੀਦ ਹੀ ਨਹੀਂ ਹੈ ਕਿ ਜਮੀਨ ਦਰਿਆ ਤੋਂ ਬਾਹਰ ਆ ਸਕਦੀ ਹੈ। ਜੇਕਰ ਦਰਿਆ ਆਪਣਾ ਰੁੱਖ ਬਦਲਦਾ ਵੀ ਹੈ ਤਾਂ ਦੁਬਾਰਾ ਜ਼ਮੀਨਾਂ ਆਬਾਦ ਹੋਣ ’ਤੇ 10 ਸਾਲਾਂ ਦਾ ਸਮਾਂ ਲੱਗ ਸਕਦਾ ਐ। ਹਾਲਾਤ ਇਹ ਨੇ ਕਿ ਦਰਿਆ ਨੇ ਵੱਡੀ ਗਿਣਤੀ ਕਿਸਾਨਾਂ ਨੂੰ ਬੇਜ਼ਮੀਨੇ ਕਰ ਦਿੱਤਾ ਐ।
ਇਹਨਾਂ ਕਿਸਾਨਾਂ ਵਿਚ ਇੱਕ ਫੌਜੀ ਵੀ ਹੈ ਜਿਸ ਨੇ ਰਿਟਾਇਰਮੈਂਟ ਤੋਂ ਬਾਅਦ ਮਿਲੇ ਪੈਸੇ ਨਾਲ ਇੱਥੇ ਜਮੀਨ ਖਰੀਦੀ ਸੀ ਪਰ ਸਾਰੀ ਦੀ ਸਾਰੀ ਜਮੀਨ ਫਸਲ ਸਮੇਤ ਦਰਿਆ ਵਿੱਚ ਸਮਾ ਗਈ ਹੈ। ਜਾਣਕਾਰੀ ਅਨੁਸਾਰ ਬਿਆਜ ਦਰਿਆ ਦੇ ਕਿਨਾਰੇ 19 ਪਿੰਡ ਪ੍ਰਭਾਵਿਤ ਹੋਏ ਹਨ ਅਤੇ ਸੈਂਕੜਿਆਂ ਕਿਸਾਨਾਂ ਦੀ ਜਮੀਨ ਬਿਆਜ ਦੀ ਚਪੇਟ ਵਿੱਚ ਆਈ ਹੈ। ਰਾਵੀ ਦਰਿਆ ਦੇ ਹੜ ਪੀੜਤ ਇਲਾਕਿਆਂ ਵਿੱਚ ਹੋਏ ਨੁਕਸਾਨ ਦੇ ਤਾਂ ਜਾਇਜੇ ਲਏ ਜਾ ਰਹੇ ਹਨ ਅਤੇ ਉੱਥੇ ਦੇ ਲੋਕਾਂ ਨੂੰ ਮਦਦ ਵੀ ਪਹੁੰਚਾਈ ਜਾ ਰਹੀ ਹੈ ਪਰ ਬਿਆਸ ਦਰਿਆ ਕਿਨਾਰੇ ਹੋਏ ਉਜਾੜੇ ਵੱਲ ਅਜੇ ਤਕ ਕਿਸੇ ਦਾ ਧਿਆਨ ਨਹੀਂ ਗਿਆ ਹੈ।