ਫਿਰੋਜ਼ਪੁਰ ਅੰਦਰ ਆਏ ਹੜ੍ਹਾਂ ਨੇ ਜਿਥੇ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਉਥੇ ਹੀ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਅਤੇ ਅਜਿਹਾ ਹੀ ਇੱਕ ਗਰੀਬ ਪਰਿਵਾਰ ਸ਼ਮਸ਼ਾਨ ਘਾਟ ਵਿੱਚ ਬੱਚਿਆਂ ਸਮੇਤ ਰਾਤਾਂ ਕੱਟਣ ਨੂੰ ਮਜਬੂਰ ਹੋਇਆ ਪਿਆ ਹੈ। ਪਰਿਵਾਰ ਦੇ ਦੱਸਣ ਮੁਤਾਬਕ ਉਹ ਪਿੰਡ ਨਿਹਾਲਾ ਲਿਵੇਰਾ ਦੇ ਰਹਿਣ ਵਾਲੇ ਹਨ ਪਰ ਹੜ੍ਹਾਂ ਦੇ ਚਲਦਿਆਂ ਪਿਛਲੇ 23 ਦਿਨਾਂ ਤੋਂ ਸ਼ਮਸ਼ਾਨ ਘਾਟ ਵਿੱਚ ਰਾਤਾਂ ਕੱਟ ਰਹੇ ਹਨ। ਉਨ੍ਹਾਂ ਕਿਹਾ ਲੋਕ ਤਾਂ ਦਿਨ ਵੇਲੇ ਵੀ ਸ਼ਮਸ਼ਾਨ ਘਾਟ ਆਉਣ ਤੋਂ ਡਰਦੇ ਹਨ ਪਰ ਉਹ ਮਜਬੂਰੀ ਕਾਰਨ ਇਥੇ ਰਾਤਾਂ ਕੱਟ ਰਹੇ ਹਨ। ਪੀੜਤ ਪਰਿਵਾਰ ਨੇ ਸਮਾਜ ਸੇਵੀ ਸੰਸਥਾਵਾਂ ਤੇ ਸਰਕਾਰ ਅੱਗੇ ਮਦਦ ਲਈ ਗੁਹਾਰ ਲਾਈ ਐ।
ਪਰਿਵਾਰ ਦੇ ਦੱਸਣ ਮੁਤਾਬਕ ਪਿੰਡ ਵਿੱਚ ਪਾਣੀ ਦਾਖਲ ਹੋਣ ਤੋਂ ਬਾਦ ਉਨ੍ਹਾਂ ਦੇ ਘਰ ਅੰਦਰ ਵੀ ਪਾਣੀ ਨਾਲ ਭਰ ਗਿਆ ਸੀ। ਫਸਲ ਵੀ ਪਾਣੀ ਵਿੱਚ ਡੁੱਬ ਗਈ ਜਿਸਤੋਂ ਬਾਅਦ ਉਹ ਇਸ ਸ਼ਮਸ਼ਾਨ ਘਾਟ ਵਿੱਚ ਆਪਣੀ ਟਰਾਲੀ ਤੇ ਤਰਪਾਲ ਤਾਣ ਕੇ ਰਹਿ ਰਹੇ ਹਨ। ਉਨ੍ਹਾਂ ਕਿਹਾ ਪਹਿਲਾਂ ਆਸ ਪਾਸ ਲੰਗਰ ਚਲਦੇ ਸਨ ਜਿਥੋਂ ਉਹ ਰੋਟੀ ਖਾ ਲੈਂਦੇ ਸਨ। ਪਰ ਹੁਣ ਤਾਂ ਲੰਗਰ ਵੀ ਬੰਦ ਹੋ ਗਏ ਹਨ। ਉਨ੍ਹਾਂ ਕਿਹਾ ਸੰਸਥਾਵਾਂ ਅਤੇ ਸਮਾਜ ਸੇਵੀ ਲੋਕਾਂ ਨੂੰ ਧਿਆਨ ਦੇਣਾਂ ਚਾਹੀਦਾ ਹੈ। ਅਤੇ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ।