ਪੁਰਾਣੇ ਸਮਿਆਂ ’ਚ ਸਕੂਲ ਧਰਮਸਾਲਾ ਜਾਂ ਗੁਰਦੁਆਰਾ ਸਾਹਿਬ ਅੰਦਰ ਚੱਲਣ ਦੀ ਚਰਚਾ ਸੁਣਦੇ ਹੁੰਦੇ ਸੀ ਪਰ ਮਾਨਸਾ ਦੇ ਠੂਠਿਆਂਵਾਲੀ ਰੋਡ ’ਤੇ ਅੱਜ ਵੀ ਅਜਿਹਾ ਸਕੂਲ ਮੌਜੂਦ ਐ ਜੋ 15 ਸਾਲਾਂ ਤੋਂ ਇਕ ਧਰਮਸ਼ਾਲਾ ਵਿੱਚ ਚੱਲ ਰਿਹਾ ਸੀ ਪਰ ਪਿਛਲੇ ਦਿਨੀਂ ਭਾਰੀ ਬਾਰਿਸ਼ਾਂ ਦੇ ਚਲਦਿਆਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਐ। ਜਾਣਕਾਰੀ ਅਨੁਸਾਰ ਸਕੂਲ ਅੰਦਰ 250 ਤੋਂ ਵਧੇਰੇ ਬੱਚੇ ਪੜ੍ਹਦੇ ਨੇ, ਜਿਨ੍ਹਾਂ ਨੂੰ 9 ਅਧਿਆਪਕ ਪੜ੍ਹਾਉਂਦੇ ਨੇ। ਸਰਕਾਰ ਵਾਸੀਆਂ ਨੇ ਗਿਲਾ ਜਾਹਰ ਕਰਦਿਆਂ ਕਿਹਾ ਕਿ ਇਕ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ ਲਿਆਉਣ ਦਾ ਦਾਅਵੇ ਕਰ ਰਹੀ ਪਰ ਦੂਜੇ ਪਾਸੇ ਇਸ ਸਕੂਲ ਨੂੰ ਇਮਾਰਤ ਤਕ ਨਹੀਂ ਦੇ ਸਕੀ। ਸਥਾਨਕ ਵਾਸੀਆਂ ਨੇ ਸਰਕਾਰ ਤੋਂ ਸਕੂਲ ਨੂੰ ਬਿਲਡਿੰਗ ਬਣਾ ਕੇ ਦੇਣ ਦੀ ਮੰਗ ਕੀਤੀ ਐ।
ਲੋਕਾਂ ਨੇ ਗਿਲਾ ਜਾਹਰ ਕਰਦਿਆਂ ਕਿਹਾ ਕਿ 15 ਸਾਲਾਂ ਤੋਂ ਸਰਕਾਰ ਬੱਚਿਆਂ ਨੂੰ ਸਰਕਾਰੀ ਬਿਲਡਿੰਗ ਮੁਹੱਈਆ ਨਹੀਂ ਕਰਵਾ ਸਕੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਦੀ ਮੌਜੂਦਾ ਸਰਕਾਰ ਸਿੱਖਿਆ ਕ੍ਰਾਂਤੀ ਤਹਿਤ ਸਕੂਲਾਂ ਦਾ ਢਾਂਚਾ ਸਵਾਰਨ ਤੇ ਐਮੀਨੈਂਸ ਸਕੂਲ ਬਣਾਉਣ ਦੇ ਦਾਅਵੇ ਕਰ ਰਹੀ ਹੈ ਪਰ ਮੌਜੂਦਾ ਸਮੇਂ ਵਿੱਚ ਧਰਮਸ਼ਾਲਾ ਵਿੱਚ ਪੜਨ ਵਾਲੇ 250 ਬੱਚੇ ਧਰਮਸ਼ਾਲਾ ਦੀ ਬਿਲਡਿੰਗ ਕੰਡਮ ਹੋਣ ਕਾਰਨ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਪੜਨ ਲਈ ਮਜਬੂਰ ਨੇ। ਉਨ੍ਹਾਂ ਸਰਕਾਰ ਤੋਂ ਖਾਲੀ ਪਈ ਮਾਲ ਮੰਡੀ ਦੀ ਜਗ੍ਹਾ ਵਿੱਚ ਸਕੂਲ ਬਣਾ ਕੇ ਦੇਣ ਦੀ ਮੰਗ ਕੀਤੀ ਐ।
ਇਸ ਬਾਰੇ ਪੁੱਛੇ ਜਾਣ ਤੇ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਮੰਜੂ ਬਾਲਾ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਧਰਮਸ਼ਾਲਾ ਦੇ ਵਿੱਚ ਚੱਲ ਰਹੇ ਸਕੂਲ ਦੀ ਹਾਲਤ ਖਸਤਾ ਹੋਣ ਕਾਰਨ ਆਰਜੀ ਤੌਰ ਤੇ ਗੁਰਦੁਆਰਾ ਸਾਹਿਬ ਦੀ ਲੰਗਰ ਹਾਲ ਚੋਂ ਸਕੂਲ ਤਬਦੀਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਮਾਨਸਾ ਦੇ ਧਿਆਨ ਵਿੱਚ ਲਿਆਂਦਿਆਂ ਗਿਆ ਹੈ ਅਤੇ ਸਕੂਲ ਬਣਾਉਣ ਦੇ ਲਈ ਵੀ ਸਰਕਾਰ ਵੱਲੋਂ ਜਮੀਨ ਅਕਵਾਇਰ ਕਰਨ ਸਬੰਧੀ ਵਿਚਾਰ ਚੱਲ ਰਹੀ ਹੈ। ਉਹਨਾਂ ਦੱਸਿਆ ਕਿ ਧਰਮਸ਼ਾਲਾ ਵਾਲੇ ਸਕੂਲ ਦੀ ਹਾਲਤ ਸੁਧਾਰਨ ਸਬੰਧੀ ਵੀ ਵਿਚਾਰ ਕੀਤੀ ਜਾ ਰਹੀ ਹੈ।