ਮੋਹਾਲੀ ਫੋਰਟਿਸ ਹਸਪਤਾਲ ਦਾ ਹੋਵੇਗਾ ਹੋਰ ਵਿਸਥਾਰ; 950 ਕਰੋੜ ਨਾਲ ਬਣੇਗਾ ਮਲਟੀ ਸਪੈਸ਼ਲਿਸਟ ਹਸਪਤਾਲ

0
6

ਫੋਰਟਿਸ ਹੈਲਥਕੇਅਰ ਵੱਲੋਂ ਪੰਜਾਬ ਵਿਚ 950 ਕਰੋੜ ਰੁਪਏ ਦੇ ਹੋਰ ਨਿਵੇਸ਼ ਦੇ ਨਾਲ ਮੋਹਾਲੀ ਹਸਪਤਾਲ ਦਾ ਵਿਸਥਾਰ ਕੀਤਾ ਜਾਵੇਗਾ। ਵਿਸਥਾਰ ਤੋਂ ਬਾਅਦ ਇਹ ਮਲਟੀ ਸਪੈਸ਼ਲਿਸਟ ਹਸਪਤਾਲ ਬਣ ਜਾਵੇਗਾ। ਇਸ ਸਬੰਧੀ ਐਲਾਨ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਮੋਹਾਲੀ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਐ। ਚੰਡੀਗੜ੍ਹ ਵਿਖੇ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ‘ਇਨਵੈਸਟ ਪੰਜਾਬ’ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਦੇ ਚਲਦਿਆਂ ਸੂਬੇ ਵਿਚ ਲਗਾਤਾਰ ਨਿਵੇਸ਼ ਆ ਰਿਹਾ ਹੈ। ਸੰਜੀਵ ਅਰੋੜਾ ਨੇ ਦੱਸਿਆ ਕਿ ਫੋਰਟਿਸ ਹਸਪਤਾਲ ਦਾ ਕੋਈ ਪੁਰਾਣਾ ਜ਼ਮੀਨੀ ਮਸਲਾ ਸੀ, ਜਿਸ ਨੂੰ ਪੰਜਾਬ ਸਰਕਾਰ ਵੱਲੋਂ ਹੱਲ ਕਰ ਦਿੱਤਾ ਗਿਆ ਹੈ ਤੇ ਹੁਣ ਫੋਰਟਿਸ ਵੱਲੋਂ 950 ਕਰੋੜ ਰੁਪਏ ਨਾਲ ਮੋਹਾਲੀ ਹਸਪਤਾਲ ਦੇ ਨਾਲ ਵਿਸਥਾਰ ਕੀਤਾ ਜਾਵੇਗਾ।
ਇਸ ਨਾਲ ਹੁਣ ਇਹ ਹਸਪਤਾਲ ਸਾਢੇ 13 ਏਕੜ ਵਿਚ ਹੋ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਨਾਲ 5 ਹਜ਼ਾਰ ਦੇ ਕਰੀਬ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ, ਜਿਸ ਤਹਿਤ 2500 ਲੋਕਾਂ ਨੂੰ ਸਿੱਧਾ ਰੋਜ਼ਗਾਰ ਮਿਲੇਗਾ ਤੇ 2200 ਲੋਕਾਂ ਨੂੰ ਅਸਿੱਧੇ ਤੌਰ ‘ਤੇ ਰੋਜ਼ਗਾਰ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਮਲਟੀਸਪੈਸ਼ਲਿਟੀ ਹਸਪਤਾਲ ਬਣਨ ਜਾ ਰਿਹਾ ਹੈ।
ਇਸ ਮੌਕੇ ਫੋਰਟਿਸ ਹੈਲਥਕੇਅਰ ਤੇ ਕਾਰਪੋਰੇਟ ਮਾਮਲਿਆਂ ਦੇ ਮੁਖੀ ਮਨੂ ਕਪਿਲਾ ਨੇ ਕਿਹਾ ਕਿ 2001 ਵਿਚ ਫੋਰਟਿਸ ਦਾ ਪਹਿਲਾ ਹਸਪਤਾਲ ਮੋਹਾਲੀ ਵਿਚ ਖੁਲ੍ਹਿਆ ਸੀ। ਹੁਣ ਜਦੋਂ ਫੋਰਟਿਸ ਵਿਸਥਾਰ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂ ਅਸੀਂ ਆਪਣੇ ਸੂਬੇ ਪੰਜਾਬ ਤੋਂ ਹੀ ਇਸ ਦੀ ਸ਼ੁਰੂਆਤ ਕਰਨੀ ਚਾਹੁੰਦੇ ਹਾਂ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਬੜੀ ਤੇਜ਼ੀ ਦੇ ਨਾਲ ਉਨ੍ਹਾਂ ਦੇ ਪੁਰਾਣੇ ਮਸਲੇ ਹੱਲ ਕੀਤੇ ਤੇ ਸਾਰੀਆਂ ਮਨਜ਼ੂਰੀਆਂ ਉਨ੍ਹਾਂ ਨੂੰ ਮਿਲੀਆਂ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਭਵਿੱਖ ਵਿਚ ਫੋਰਟਿਸ ਵੱਲੋਂ ਜਲੰਧਰ ਵਿਚ ਵੀ ਇਕ ਹਸਪਤਾਲ ਸ਼ੁਰੂ ਕੀਤਾ ਜਾ ਰਿਹਾ ਹੈ ਤੇ ਅੰਮ੍ਰਿਤਸਰ ਵਿਚ ਹੋਰ ਨਿਵੇਸ਼ ਕੀਤਾ ਜਾਵੇਗਾ।

LEAVE A REPLY

Please enter your comment!
Please enter your name here