ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮਿਲਵਟੀ ਚੀਜ਼ਾਂ ਤੋਂ ਬਚਾਉਣ ਲਈ ਫੂਡ ਸੇਫਟੀ ਵੈਨ ਸ਼ੁਰੂ ਕੀਤੀ ਗਈ ਐ। ਇਸ ਦੀ ਸ਼ੁਰੂਆਤ ਸੰਗਰੂਰ ਤੋਂ ਕੀਤੀ ਗਈ ਐ। ਇਹ ਵੈਨ ਲੋਕਾਂ ਦੀਆਂ ਬਰੂਹਾਂ ਤਕ ਜਾਵੇਗੀ, ਜਿੱਥੇ ਲੋਕ ਲੋੜ ਮੁਤਾਬਕ ਘਰੇਲੂ ਵਰਤੋਂ ਦੇ ਖਾਧ ਪਦਾਰਥਾਂ ਦੀ ਗੁਣਵੱਤਾ ਜਾਂਚ ਕਰਵਾ ਸਕਣਗੇ। ਇਸੇ ਤਹਿਤ ਇਹ ਵੈਨ ਅੱਜ ਦਿੜ੍ਹਬਾ ਦੇ ਸਰਕਾਰੀ ਸੀਨੀਅਰ ਸੈਕੰਡਰ ਸਕੂਲ ਵਿਖੇ ਪਹੁੰਚੀ ਜਿੱਥੇ ਵਿਦਿਆਰਥੀਆਂ ਨੂੰ ਵੀਡੀਓ ਰਾਹੀਂ ਘਰੇਲੂ ਖਾਣ ਪੀਣ ਦੇ ਸਾਮਾਨ ਦੀ ਖੁਦ ਜਾਂਚ ਕਰਨ ਬਾਰੇ ਜਾਣੂ ਕਰਵਾਇਆ ਗਿਆ।
ਇਹ ਵੈਨ ਦੁੱਧ, ਮਸਾਲੇ, ਪਾਣੀ, ਤੇਲ, ਅਤੇ ਘਿਉ ਵਰਗੀਆਂ ਰੋਜ਼ਾਨਾ ਦੀ ਵਰਤੋਂ ਵਾਲੀਆਂ ਖਾਧ ਪਦਾਰਥਾਂ ਦੇ ਸੈਂਪਲਾਂ ਦੀ ਜਾਂਚ ਕਰਦੀ ਹੈ। ਹਰ ਸੈਂਪਲ ਦੀ ਜਾਂਚ ਲਈ ਸਿਰਫ਼ 50 ਰੁਪਏ ਦਾ ਖਰਚਾ ਆਉਂਦਾ ਹੈ। ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਿੱਥੇ ਇਲਾਜ ਲਈ ਬਿਹਤਰੀਨ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉੱਥੇ ਹੀ ਬਿਮਾਰੀਆਂ ਤੋਂ ਬਚਾਅ ਲਈ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ।