ਪੰਜਾਬ ਮੁੱਖ ਮੰਤਰੀ ਮਾਨ ਦਾ ਹੜ੍ਹ ਪੀੜਤਾਂ ਲਈ ਵੱਡਾ ਫੈਸਲਾ; ਮੁੜ ਵਸੇਬੇ ਦਾ ਕੰਮ ਜੰਗੀ ਪੱਧਰ ’ਤੇ ਕਰਨ ਦਾ ਐਲਾਨ; ਕਿਹਾ, ਸਾਰਾ ਕੁੱਝ ਪੰਜਾਬੀਆਂ ’ਤੇ ਨਿਛਾਵਰ ਕਰੇਗੀ ਸਰਕਾਰ By admin - September 12, 2025 0 6 Facebook Twitter Pinterest WhatsApp ਮੁੱਖ ਮੰਤਰੀ ਮਾਨ ਨੇ ਠੀਕ ਹੋਣ ਤੋਂ ਬਾਦ ਕੀਤੀ ਪਹਿਲੀ ਹਾਈ ਲੇਵਲ ਮੀਟਿੰਗ ਦੌਰਾਨ ਪੰਜਾਬ ਦੇ ਹੜ੍ਹ ਪੀੜਤਾਂ ਲਈ ਵੱਡੇ ਐਲਾਨ ਕੀਤੇ ਨੇ। ਚੱਲ ਰਾਹਤ ਕਾਰਜਾਂ ਦੀ ਸਮੀਖਿਆ ਲਈ ਕੀਤੀ ਗਈ ਇਸ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਐਮ ਮਾਨ ਨੇ ਕਿਹਾ ਕਿ ਹਰ ਇਕ ਹੜ੍ਹ ਪੀੜਤ ਨੂੰ ਮੁਆਵਜ਼ਾ ਮਿਲੇਗਾ ਅਤੇ ਅਸੀਂ ਸਪੈਸ਼ਲ ਗਿਰਦਾਵਰੀ ਕਰਵਾਉਣ ਦੇ ਹੁਕਮ ਦਿੱਤੇ ਹੋਏ ਹਨ। ਉਨ੍ਹਾਂ ਕਿਹਾ ਕਿ ਮੁਆਵਜ਼ਾ ਇਕੱਲਾ ਐਲਾਨ ਤੱਕ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ‘ਚ ਦਿੱਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਮੁਆਵਜ਼ਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਦੌਰਾਨ 25-40 ਰੁਪਏ ਦੇ ਚੈੱਕ ਵੀ ਮਿਲੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਹੜ੍ਹਾਂ ਚੋਂ ਉਭਾਰਨ ਲਈ ਦਿੜ੍ਹ ਸੰਕਲਪ ਐ ਅਤੇ ਸਾਰਾ ਕੁੱਝ ਪੰਜਾਬੀਆਂ ਤੋਂ ਨਿਛਾਵਰ ਕਰਨ ਲਈ ਤਿਆਰ ਐ। ਇਸ ਦੌਰਾਨ ਉਨ੍ਹਾਂ ਨੇ ਵਿਰੋਧੀਆਂ ਵੱਲ ਤਿੱਖੇ ਨਿਸ਼ਾਨੇ ਵੀ ਵਿੰਨ੍ਹੇ ਅਤੇ ਭਾਜਪਾ ਦੀ ਮੌਜੂਦਾ ਲੀਡਰਸ਼ਿਪ ਨੂੰ ਕਾਂਗਰਸ ਦੀ ਬੀ ਟੀਮ ਦੱਸਿਆ। ਉਨ੍ਹਾਂ ਕਿਹਾ ਕਿ ਇਕ ਜਿਮੀਂਦਾਰ ਦਾ ਪੁੱਤ ਹੋਣ ਦੇ ਨਾਤੇ ਮੈਨੂੰ ਸਭ ਪਤਾ ਹੈ ਅਤੇ ਅਸੀਂ ਪੰਜਾਬ ਦਾ ਕੋਈ ਵੀ ਚੁੱਲ੍ਹਾ ਬੁਝਿਆ ਨਹੀਂ ਰਹਿਣ ਦੇਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਮੈਂ ਓਨੀ ਦੇਰ ਚੈਨ ਨਾਲ ਨਹੀਂ ਸੌਵਾਂਗਾ, ਜਿੰਨੀ ਦੇਰ ਤੱਕ ਉਹ ਮੁਆਵਜ਼ਾ ਨਹੀਂ ਦੇ ਦਿੰਦਾ, ਜਿਹਦਾ ਵਾਅਦਾ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ 30-40 ਦਿਨਾਂ ਅੰਦਰ ਸਾਡੇ ਕੋਲ ਸਪੈਸ਼ਲ ਗਿਰਦਾਵਰੀ ਦਾ ਡਾਟਾ ਆ ਜਾਵੇਗਾ ਅਤੇ ਚੈੱਕ ਸਾਡੇ ਕੋਲ ਤਿਆਰ ਪਏ ਹਨ। ਜੇਕਰ ਫ਼ਸਲ ਦਾ ਨੁਕਸਾਨ ਹੋ ਗਿਆ ਤਾਂ 20 ਹਜ਼ਾਰ ਪ੍ਰਤੀ ਏਕੜ ਦਾ ਮੁਆਵਜ਼ਾ ਮਿਲੇਗਾ। ਪਿੰਡ-ਪਿੰਡ ਜਾ ਕੇ ਸਾਡੇ ਅਫ਼ਸਰ ਜਾਇਜ਼ਾ ਲੈਣਗੇ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜਿੱਥੇ 100 ਫ਼ੀਸਦੀ ਨੁਕਸਾਨ ਹੋਇਆ ਹੈ, ਉੱਥੇ ਇਕ ਮਹੀਨੇ ਦੇ ਅੰਦਰ ਪਹਿਲਾ ਚੈੱਕ ਲੋਕਾਂ ਨੂੰ ਦੇ ਦਿੱਤਾ ਜਾਵੇਗਾ। ਘਰਾਂ ਦੇ ਹੋਏ ਨੁਕਸਾਨ ਦੇ ਪੈਸੇ ਵੀ ਦੇਵਾਂਗੇ ਅਤੇ ਇਨ੍ਹਾਂ ਪੈਸਿਆਂ ਨੂੰ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਐੱਸ. ਡੀ. ਆਰ. ਐੱਫ. ‘ਚ 6800 ਰੁਪਏ ਦਾ ਮੁਆਵਜ਼ਾ ਦਿੰਦੇ ਹਨ ਪਰ ਅਸੀਂ ਆਪਣੇ ਵਲੋਂ ਫੰਡ ਪਾ ਕੇ 6800 ਨੂੰ ਵਧਾ ਕੇ 40 ਹਜ਼ਾਰ ਰੁਪਿਆ ਕਰ ਰਹੇ ਹਾਂ। ਜਿਹੜੇ ਪਸ਼ੂ ਹੜ੍ਹਾਂ ‘ਚ ਰੁੜ੍ਹ ਗਏ ਤਾਂ 37,500 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਬਾਕੀ ਪਸ਼ੂਆਂ ਦਾ ਨਿਯਮਾਂ ਮੁਤਾਬਕ ਮੁਆਵਜ਼ਾ ਦਿੱਤਾ ਜਾਵੇਗਾ ਕਿਉਂਕਿ ਇਹ ਵੇਲਾ ਕੰਜੂਸੀ ਕਰਨ ਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਹੜ੍ਹਾਂ ਕਾਰਨ 55 ਮੌਤਾਂ ਦੀ ਪੁਸ਼ਟੀ ਹੋਈ ਹੈ ਅਤੇ 42 ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲ ਚੁੱਕਾ ਹੈ। ਉਨ੍ਹਾਂ ਨੇ ਇਸ ਮੌਕੇ ਪੰਜਾਬੀਆਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਪੂਰੇ ਦੇਸ਼ ਨੂੰ ਦੱਸ ਦਿੱਤਾ ਕਿ ਆਫ਼ਤ ਨਾਲ ਪੰਜਾਬ ਨੂੰ ਨਿੱਬੜਨਾ ਆਉਂਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਵੀ ਸਖ਼ਤ ਹੁਕਮ ਦਿੱਤੇ ਕਿ ਜੇਕਰ ਕਿਸੇ ਅਧਿਕਾਰੀ ਨੇ ਕੰਮ ਕਰਨ ‘ਚ ਢਿੱਲ ਵਰਤੀ ਜਾਂ ਕਿਸੇ ਦੇ ਪ੍ਰਭਾਵ ਹੇਠ ਆ ਕੇ ਕੋਈ ਗਲਤ ਕੰਮ ਕੀਤਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਜੇਕਰ ਕੋਈ ਬੇਈਮਾਨੀ ਕਰੇਗਾ ਤਾਂ ਉਸ ‘ਤੇ ਰਹਿਮ ਨਹੀਂ ਕੀਤਾ ਜਾਵੇਗਾ।