ਬਠਿੰਡਾ ਦੇ ਪਿੰਡ ਜੀਦਾ ਵਿਖੇ ਇਕ ਘਰ ਅੰਦਰ ਧਮਾਕੇ ਹੋਣ ਦੀ ਖਬਰ ਸਾਹਮਣੇ ਆਈ ਐ। ਇਨ੍ਹਾਂ ਧਮਾਕਿਆਂ ਨਾਲ ਪਿਉ-ਪੁੱਤਰ ਦੇ ਜਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਜਾਣਕਾਰੀ ਅਨੁਸਾਰ ਪਹਿਲਾ ਧਮਾਕਾ ਸਵੇਰੇ ਹੋਇਆ, ਜਿਸ ਵਿੱਚ 19 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਜਖਮੀ ਹੋ ਗਿਆ। ਦੂਜੇ ਧਮਾਕਾ ਸ਼ਾਮਲ ਵੇਲੇ ਹੋਇਆ, ਜਿਸ ਵਿਚ ਗੁਰਪ੍ਰੀਤ ਦੇ ਪਿਤਾ ਜਗਤਾਰ ਸਿੰਘ ਜਖਮੀ ਹੋਇਆ ਐ। ਖਬਰਾਂ ਮੁਤਾਬਕ ਗੁਰਪ੍ਰੀਤ ਸਿੰਘ ਨੇ ਕਿਸੇ ਐਪ ਆਨਲਾਈਨ ਕੈਮੀਕਲ ਸਮੱਗਰੀ ਮੰਗਵਾਈ ਸੀ, ਜਿਸ ਨਾਲ ਪ੍ਰਯੋਗ ਕਰਦੇ ਵਕਤ ਇਹ ਧਮਾਕੇ ਹੋਏ ਨੇ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਘਟਨਾ ਦੀ ਜਾਣਕਾਰੀ ਥਾਣਾ ਨੇਹਿਆਂਵਾਲਾ ਪੁਲਿਸ ਨੂੰ ਵੀਰਵਾਰ ਸਵੇਰੇ ਇੱਕ ਪ੍ਰਾਈਵੇਟ ਹਸਪਤਾਲ ਰਾਹੀਂ ਮਿਲੀ। ਸੂਚਨਾ ਮਿਲਣ ਨਾਲ ਹੀ ਐਸ.ਐੱਸ.ਪੀ. ਅਮਨੀਤ ਕੋਂਡਲ ਪੁਲਿਸ ਫੋਰਸ ਸਮੇਤ ਪਿੰਡ ਜੀਦਾ ਪਹੁੰਚੇ। ਪੁਲਿਸ ਦੀਆਂ ਟੀਮਾਂ ਦੇ ਨਾਲ ਫੋਰੇਨਸਿਕ ਟੀਮ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ। ਗੁਰਪ੍ਰੀਤ ਸਿੰਘ ਕਾਨੂੰਨ ਦੀ ਪੜ੍ਹਾਈ ਕਰਦਾ ਹੈ ਅਤੇ ਉਹ ਜ਼ਿਆਦਾਤਰ ਘਰ ਵਿੱਚ ਹੀ ਰਹਿੰਦਾ ਹੈ।
ਐਸ.ਐੱਸ.ਪੀ. ਅਮਨੀਤ ਕੋਂਡਲ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੌਜਵਾਨ ਗੁਰਪ੍ਰੀਤ ਸਿੰਘ ਆਨਲਾਈਨ ਐਪ ਰਾਹੀਂ ਮੰਗਵਾਏ ਗਏ ਕਿਸੇ ਕੈਮੀਕਲ ਨਾਲ ਪ੍ਰਯੋਗ ਕਰ ਰਿਹਾ ਸੀ, ਜਿਸ ਕਾਰਨ ਧਮਾਕਾ ਹੋਇਆ। ਉਨ੍ਹਾਂ ਨੇ ਕਿਹਾ ਕਿ ਜਾਂਚ ਲਈ ਜੇ ਫੌਜ ਦੀ ਲੋੜ ਪਈ ਤਾਂ ਉਹ ਵੀ ਲਿਆਈ ਜਾਵੇਗੀ। ਐਸ.ਐੱਸ.ਪੀ. ਨੇ ਦੱਸਿਆ ਕਿ ਨੌਜਵਾਨ ਗੁਰਪ੍ਰੀਤ ਸਿੰਘ ਦੇ ਖਿਲਾਫ ਥਾਣਾ ਨੇਹਿਆਂਵਾਲਾ ਵਿੱਚ ਕੇਸ ਦਰਜ ਕੀਤਾ ਜਾ ਰਿਹਾ ਹੈ। ਐਸ.ਐੱਸ.ਪੀ. ਅਮਨੀਤ ਕੋਂਡਲ ਨੇ ਕਿਹਾ ਕਿ ਟੀਮ ਧਮਾਕਿਆਂ ਦੀ ਹਰ ਏਂਗਲ ਤੋਂ ਜਾਂਚ ਕਰ ਰਹੀ ਹੈ। ਸੂਤਰ ਦੱਸਦੇ ਹਨ ਕਿ ਪੁਲਿਸ ਜਾਂਚ ਵਿੱਚ ਇਹ ਖੁਲਾਸਾ ਹੋਵੇਗਾ ਕਿ ਦੋਹਾਂ ਧਮਾਕੇ ਕੈਮਿਕਲ ਜਾਂ ਬਾਰੂਦ ਨਾਲ ਹੋਏ ਹਨ।