ਗਿ. ਹਰਪ੍ਰੀਤ ਸਿੰਘ ਦਾ ਸੁਖਬੀਰ ਬਾਦਲ ’ਤੇ ਹਮਲਾ; ਗੁਰਬਾਣੀ ਵੇਚ ਕੇ ਤੇ ਹੋਟਲਾਂ ਤੋਂ ਪੈਸੇ ਇਕੱਠੇ ਕਰਨ ਦੇ ਇਲਜ਼ਾਮ; ਕਿਹਾ, ਜੇਕਰ ਉਹ ਵੰਡ ਰਿਹਾਂ ਹੈਂ ਤਾਂ ਕਿਸਾਨਾਂ ਨੂੰ ਲੈ ਲੈਣੇ ਚਾਹੀਦੇ ਹਨ

0
24

ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਮੁਖੀ ਗਿਆਨੀ ਹਰਪ੍ਰੀਤ ਸਿੰਘ ਅੱਜ ਡੇਰਾ ਬਾਬਾ ਨਾਨਕ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਹੜ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਕਿ ਇਹਨਾਂ ਨੇ ਗੁਰਬਾਣੀ ਵੇਚ ਕੇ ਅਤੇ ਹੋਟਲਾਂ ਤੋਂ ਪੈਸੇ ਇਕੱਠੇ ਕੀਤੇ ਨੇ, ਇਸ ਲਈ ਜੇਕਰ ਉਹ ਲੋਕਾਂ ਨੂੰ ਪੈਸੇ ਵੰਡ ਰਹੇ ਨੇ ਤਾਂ ਕਿਸਾਨਾਂ ਨੂੰ ਲੈ ਲੈਣੇ ਚਾਹੀਦੇ ਨੇ।
ਕੇਂਦਰ ਦੀ 1600 ਕਰੋੜ ਦੀ ਮਦਦ ਨੂੰ ਨਾਕਾਫੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨੁਕਸਾਨ ਪਹੁੰਚ ਜ਼ਿਆਦਾ ਹੋਇਆ ਐ, ਜਿਸ ਦੇ ਮੁਕਾਬਲੇ ਦਿੱਤੀ ਰਾਹਤ ਬਹੁਤ ਥੋੜ੍ਹੀ ਐ। ਉਨ੍ਹਾਂ ਕਿਹਾ ਕਿ ਕੇਂਦਰ ਤੇ ਪਹਿਲਾਂ ਵੀ ਪੰਜਾਬ ਨਾਲ ਵਿਤਕਰੇ ਦੇ ਇਲਜਾਮ ਲੱਗਦੇ ਸੀ ਪਰ ਇਸ ਵਾਰ ਤਾਂ ਸਾਰਾ ਕੁੱਝ ਜੱਗ ਜਾਹਰ ਹੋ ਗਿਆ ਐ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹੜ੍ਹ ਕੁੱਦਰਤੀ ਕਰੋਪੀ ਤਾਂ ਹੈ ਪਰ ਇਸ ਲਈ ਸਰਕਾਰ ਬਰਾਬਰ ਦੀ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਬਰਸਾਤਾਂ ਤੋਂ ਪਹਿਲਾ ਡੈਮਾਂ ਦੀ ਪਾਣੀ ਰਿਲੀਜ਼ ਕਰਦੀ। ਡੈਮਾਂ ਦਾ ਇਕ ਪ੍ਰੋਟੋਕਾਲ ਹੈ, ਜੋ ਸਮੇ ਸਿਰ ਫਾਲੋ ਨਹੀ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਵਿੱਚ ਇਹ ਨਹੀ ਸੀ ਪਤਾ ਲੱਗਦਾ ਕਿ ਬਾਰਸ਼ ਕਦੋਂ ਅਤੇ ਕਿੰਨੀ ਹੋਵੇਗੀ, ਪਰ ਹੁਣ ਤਾਂ ਟੈਕਨਾਲੋਜੀ ਦਾ ਯੁੱਗ ਹੈ ਅਤੇ ਮੌਸਮ ਵਿਭਾਗ ਨੇ ਸਰਕਾਰ ਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਹੋਵੇਗੀ ਕਿ ਇਸ ਵਾਰ ਬਾਰਸ਼ ਕਿੰਨੀ ਹੋਵੇਗੀ। ਸਰਕਾਰ ਉਸ ਹਿਸਾਬ ਨਾਲ ਬਾਰਸਾਂ ਤੋਂ ਪਹਿਲਾਂ ਡੈਮਾਂ ਦਾ ਥੋੜਾ ਥੋੜਾ ਪਾਣੀ ਰਿਲੀਜ਼ ਕਰਦੀ ਤਾਂ ਜੋ ਬਾਰਸਾਂ ਮੌਕੇ ਡੈਮਾਂ ਵਿੱਚ ਜਿਆਦਾ ਪਾਣੀ ਜਮਾਂ ਨਾ ਹੁੰਦਾ। ਸਰਕਾਰ ਨੂੰ ਅਗਾਓਂ ਪ੍ਰਬੰਧ ਕਰਨੇ ਚਾਹੀਦੇ ਸਨ ਅਤੇ ਪੁਖਤਾ ਪ੍ਰਬੰਧ ਕਰ ਲੈਣੇ ਚਾਹੀਦੇ ਸਨ, ਪਰ ਇੰਝ ਨਹੀਂ ਕੀਤਾ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ ਅਨਾਉਂਸ ਕੀਤੇ ਗਏ 1600 ਕਰੋੜ ਰੁਪਏ ਦੇ ਮੁਆਵਜੇ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਸਾਢੇ ਚਾਰ ਲੱਖ ਏਕੜ ਜ਼ਮੀਨ ਖਰਾਬ ਹੋਈ ਹੈ, ਜਿਸ ਕਰ ਕੇ ਪੰਜਾਬ ਨੂੰ ਮੁਆਵਜਾ ਬਹੁਤ ਘੱਟ ਹੈ। ਪੱਤਰਕਾਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਬਾਰੇ ਪੁੱਛੇ ਗਏ ਸਵਾਲ ਬਾਰੇ ਉਹਨਾਂ ਕਿਹਾ ਕਿ ਜੇਕਰ ਉਹ ਪੈਸੇ ਵੰਡ ਰਹੇ ਹਨ ਤਾਂ ਲੋਕਾਂ ਨੂੰ ਲੈ ਲੈਣੇ ਚਾਹੀਦੇ ਹਨ, ਉਹਨਾਂ ਕੋਲ ਬਥੇਰੇ ਪੈਸੇ ਹਨ। ਅਸੀ ਤਾਂ ਜਿੰਨੀ ਗੁਰੂ ਮਹਾਰਾਜ ਨੇ ਸਾਡੀ ਝੋਲੀ ’ਚ ਸਮਰੱਥਾ ਪਾਈ ਹੈ, ਉਨ੍ਹੀ ਹੜ੍ਹ ਪੀੜਤਾਂ ਦੀ ਸੇਵਾ ਕਰਾਂਗੇ।
ਇਸ ਮੌਕੇ ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਜ਼ਾਰਾ ਏਕੜ ਜ਼ਮੀਨ ਜਿੰਮੀਦਾਰਾਂ ਨੂੰ ਠੇਕੇ ਉਪਰ ਦਿੱਤੀ ਹੈ, ਜਿਸ ਦਾ ਠੇਕਾ ਸਰਕਾਰ ਨੇ ਪਹਿਲਾਂ ਹੀ ਵਸੂਲ ਕਰ ਲਿਆ ਹੈ, ਪਰੰਤੂ ਹੜ੍ਹ ਦੇ ਪਾਣੀ ਨਾਲ ਫ਼ਸਲ ਖਰਾਬ ਹੋ ਗਈ ਹੈ, ਸਰਕਾਰ ਨੂੰ ਚਾਹੀਦਾ ਹੈ ਜਾਂ ਤਾਂ ਠੇਕਾ ਵਾਪਿਸ ਮੋੜੇ ਨਹੀ ਤਾਂ ਠੇਕੇ ਦੀ ਮਿਆਦ ਵਧਾ ਦੇਵੇ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰੇਗੀ।

LEAVE A REPLY

Please enter your comment!
Please enter your name here