ਕਪੂਰਥਲਾ ਵਾਸੀ ਭਰਾਵਾਂ ਨੇ ਬਣਾਈਆਂ ਹੜ੍ਹ ਪੀੜਤਾਂ ਲਈ ਕਿਸ਼ਤੀਆਂ; ਰੇਲ ਕੋਚ ਫੈਕਟਰੀ ਦਾ ਕੰਮ ਬੰਦ ਕਰ ਕੇ ਬਣਾ ਰਹੇ ਕਿਸ਼ਤੀਆਂ ਤੇ ਬੇੜੇ

0
2

ਕਪੂਰਥਲਾ ਨਾਲ ਸਬੰਧਤ ਦੋ ਭਰਾਵਾਂ ਨੇ ਹੜ੍ਹ ਪੀੜਤਾਂ ਨੂੰ ਬਚਾਉਣ ਲਈ ਵੱਡੀ ਸੇਵਾ ਕੀਤੀ ਐ। ਪ੍ਰਿਤਪਾਲ ਸਿੰਘ ਤੇ ਦਵਿੰਦਰਪਾਲ ਸਿੰਘ ਨਾਮ ਦੇ ਦੋਵੇਂ ਭਰਾਵਾਂ ਵੱਲੋਂ 70 ਤੋਂ ਵਧੇਰੇ ਕਿਸ਼ਤੀਆਂ ਬਣਾ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਭੇਜੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਦੋਵੇਂ ਭਰਾਵਾਂ ਦੀ ਹੰਸਪਾਲ ਟ੍ਰੇਡਰਜ਼ ਨਾਮ ਦੀ ਕੰਪਨੀ ਐ, ਜਿੱਥੇ ਰੇਲ ਕੋਚ ਫੈਕਟਰੀ ਦੇ ਪੁਰਜੇ ਬਣਾਉਣ ਦਾ ਕੰਮ ਕਰਦੇ ਨੇ ਪਰ ਪੰਜਾਬ ਅੰਦਰ ਆਏ ਹੜ੍ਹਾਂ ਦੇ ਚਲਦਿਆਂ ਇਨ੍ਹਾਂ ਨੇ ਰੇਲ ਕੋਚ ਫੈਕਟਰੀ ਦਾ ਕੰਮ ਬੰਦ ਕਰ ਕੇ ਉਸ ਦੀ ਥਾਂ ਕਿਸ਼ਤੀਆਂ ਤੇ ਬੇੜੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਐ। ਦੋਵੇਂ ਭਰਾਵਾਂ ਦਾ ਕਹਿਣਾ ਐ ਕਿ ਉਹ ਹੁਣ ਤਕ 70 ਕਿਸ਼ਤੀਆਂ ਭੇਜ ਚੁੱਕੇ ਨੇ ਜਦਕਿ ਉਨ੍ਹਾਂ ਟੀਚਾ 100 ਕਿਸ਼ਤੀਆਂ ਬਣਾ ਕੇ ਭੇਜਣ ਦਾ ਐ।
ਇਨ੍ਹਾਂ ਵੱਲੋਂ ਬਣਾਈਆਂ ਕਿਸ਼ਤੀਆਂ ਅਜਨਾਲਾ, ਹਰੀਕੇ ਪੱਤਣ, ਮੰਡ ਬਾਊਪੁਰ, ਪਟਿਆਲਾ, ਬਠਿੰਡਾ ਆਦਿ ਥਾਵਾਂ ’ਤੇ ਭੇਜੀਆਂ ਗਈਆਂ ਹਨ।  ਉਨ੍ਹਾਂ ਦਾ ਟੀਚਾ 100 ਅਜਿਹੀਆਂ ਛੋਟੀਆਂ ਕਿਸ਼ਤੀਆਂ ਬਣਾਉਣਾ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਕਿਸ਼ਤੀ ਦੀ ਤਕਨਾਲੋਜੀ ਅਤੇ ਡਿਜ਼ਾਈਨ ਨੂੰ ਵੀ ਜਨਤਕ ਕੀਤਾ ਹੈ ਤਾਂ ਜੋ ਖੇਤੀਬਾੜੀ ਉਪਕਰਣ ਅਤੇ ਕੰਬਾਈਨ ਹਾਰਵੈਸਟਰ ਬਣਾਉਣ ਵਾਲੀਆਂ ਕੰਪਨੀਆਂ ਵੀ ਆਸਾਨੀ ਨਾਲ ਅਜਿਹੀਆਂ ਕਿਸ਼ਤੀਆਂ ਬਣਾ ਸਕਣ ਅਤੇ ਆਪਣੇ-ਆਪਣੇ ਖੇਤਰਾਂ ਦੇ ਲੋਕਾਂ ਦੀ ਮਦਦ ਕਰ ਸਕਣ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿਤਪਾਲ ਸਿੰਘ ਅਤੇ ਦਵਿੰਦਰ ਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਛੋਟੀ ਕਿਸ਼ਤੀ ਆਸਾਨੀ ਨਾਲ 10 ਲੋਕਾਂ ਅਤੇ ਇੱਕ ਪਸ਼ੂ ਨੂੰ ਲੈ ਜਾ ਸਕਦੀ ਹੈ, ਜਦੋਂ ਕਿ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ‘ਰਾਫਟ’ ਦੀ ਸਮਰੱਥਾ 20 ਟਨ ਹੈ ਜਿਸ ਵਿੱਚ ਟਰੈਕਟਰ, ਪੋਕਲੇਨ ਅਤੇ ਜੇਸੀਬੀ ਵੀ ਲਿਜਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸ਼ਤੀਆਂ ਨੂੰ ਮੋਟਰਾਂ ਲਗਾ ਕੇ ਵਰਤਿਆ ਜਾ ਸਕਦਾ ਹੈ ਪਰ ਮੋਟਰਾਂ ਦੀ ਭਾਰੀ ਘਾਟ ਕਾਰਨ ਉਹ ਇਸ ਸਮੇਂ ਇਨ੍ਹਾਂ ਨੂੰ ਸਿਰਫ਼ ਹੱਥੀਂ ਚਲਾਉਣ ਲਈ ਬਣਾ ਰਹੇ ਹਨ। ਉਨ੍ਹਾਂ ਵੱਲੋਂ ਬਣਾਈ ਗਈ ਹਰੇਕ ਕਿਸ਼ਤੀ ’ਤੇ ‘ਹਲੀਮੀਆ, ਹਮਦਰਦੀਆਂ ਤੇ ਮੁਹੱਬਤਾਂ ਦੀ ਕਿਸ਼ਤੀ’ ਲਿਖਿਆ ਹੋਇਆ ਹੈ।
ਦੋਵਾਂ ਭਰਾਵਾਂ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਵਿੱਚ 2023 ਵਿੱਚ ਆਏ ਹੜ੍ਹ ਦੌਰਾਨ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਉਨ੍ਹਾਂ ਨੂੰ ਕਿਸ਼ਤੀਆਂ ਬਣਾਉਣ ਦੀ ਬੇਨਤੀ ਕੀਤੀ ਸੀ, ਫਿਰ ਉਨ੍ਹਾਂ ਨੇ ਕਿਸ਼ਤੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ। ਇਸ ਸਾਲ ਜਦੋਂ ਹੜ੍ਹ ਦੇ ਪਾਣੀ ਕਾਰਨ ਇੱਕ ਵਾਰ ਫਿਰ ਸੂਬੇ ਦੇ ਕਈ ਹਿੱਸੇ ਡੁੱਬ ਗਏ ਹਨ, ਤਾਂ ਉਨ੍ਹਾਂ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਫੋਨ ਆਉਣੇ ਸ਼ੁਰੂ ਹੋ ਗਏ ਹਨ। ਫੋਨ ਕਰਨ ਵਾਲੇ ਵੀ ਸਰਕਾਰੀ ਅਧਿਕਾਰੀ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਨੇ ਵਿਧਾਇਕ ਨੂੰ 12 ਕਿਸ਼ਤੀਆਂ ਭੇਜੀਆਂ ਹਨ, ਜਦੋਂ ਕਿ 2023 ਵਿੱਚ ਉਨ੍ਹਾਂ ਨੇ 15 ਭੇਜੀਆਂ ਸਨ।

LEAVE A REPLY

Please enter your comment!
Please enter your name here