ਡੇਰਾ ਬਾਬਾ ਨਾਨਕ ’ਚ ਸੇਵਾ ਕਰਦੇ ਨੌਜਵਾਨ ਦੀ ਮੌਤ; ਹੜ੍ਹ ਪੀੜਤਾਂ ਦੀ ਸੇਵਾ ਕਰਨ ਦੌਰਾਨ ਸੱਪ ਨੇ ਮਾਰਿਆ ਡੰਗ

0
5

ਹੜ੍ਹ ਪੀੜਤਾਂ ਲਈ ਸੇਵਾ ਕਰਨ ਗਏ ਨੌਜਵਾਨ ਅਕਾਸ਼ਦੀਪ ਸਿੰਘ ਦੀ ਸੱਪ ਦੇ ਡੱਸਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਪਿੰਡ ਨਾਨੋਵਾਲ ਜਿੰਦੜ ਤੋਂ ਆਪਣੇ ਹੋਰ ਸਾਥੀਆਂ ਨਾਲ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਸੇਵਾ ਕਰਨ ਲਈ ਗਿਆ ਸੀ। ਜਦੋਂ ਉਹ ਪਾਣੀ ’ਚੋਂ ਲੰਘ ਰਿਹਾ ਸੀ ਤਾਂ ਸੱਪ ਨੇ ਉਸ ਦੀ ਲੱਤ ’ਤੇ ਡੰਗ ਮਾਰ ਦਿੱਤਾ। ਉਸ ਨੂੰ ਡੇਰਾ ਬਾਬਾ ਨਾਨਕ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਖੇਤਰ ਵਿੱਚ ਹੜ੍ਹ ਪੀੜਤਾਂ ਦੀ ਸੇਵਾ ਦੌਰਾਨ ਦੂਜੇ ਨੌਜਵਾਨ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ ਕਲਾਨੌਰ ਦਾ ਵਿਜੈ ਵਰਧਨ ਵੀ ਪੈਰ ਤਿਲਕਣ ਕਾਰਨ ਡੂੰਘੇ ਨਾਲੇ ‘ਚ ਡਿੱਗ ਪਿਆ ਸੀ ਜਿਸ ਦਾ ਅੱਜ ਤੱਕ ਪਤਾ ਨਹੀਂ ਲੱਗ ਸਕਿਆ।
ਉਧਰ ਨੌਜਵਾਨ ਦੀ ਮੌਤ ਤੋਂ ਬਾਅਦ ਇਲਾਕੇ ਅੰਦਰ ਸੋਗ ਦੀ ਲਹਿਰ ਐ। ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਸੇਵਾ ਕਰ ਰਹੇ ਵੱਡੀ ਗਿਣਤੀ ਲੋਕਾਂ ਨੇ ਵਿਛੜੇ ਸਾਥੀ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਐ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਨੂੰ ਬਣਦੀ ਸਹਾਇਤਾ ਦੇਣ ਦੀ ਮੰਗ ਕੀਤੀ ਐ। ਲੋਕਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਇਕ ਕਰੋੜ ਸਹਾਇਤਾ ਰਾਸ਼ੀ ਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਐ। ਲੋਕਾਂ ਦਾ ਕਹਿਣਾ ਐ ਕਿ ਅਕਾਸ਼ਦੀਪ ਸਿੰਘ ਨੇ ਦੂਜਿਆਂ ਨੂੰ ਬਚਾਉਣ ਲਈ ਆਪਾ ਵਾਰਿਆ ਐ, ਇਸ ਲਈ ਉਸ ਦੇ ਪਰਿਵਾਰ ਦੀ ਬਣਦੀ ਸਹਾਇਤਾ ਕਰਨੀ ਬਣਦੀ ਐ।

LEAVE A REPLY

Please enter your comment!
Please enter your name here