ਪੰਜਾਬ ਫਾਜਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਪਹੁੰਚੀ ਕੇਂਦਰੀ ਟੀਮ; ਹੜ੍ਹ ਮਾਰੇ ਇਲਾਕਿਆਂ ਦਾ ਦੌਰਾ ਕਰ ਲਿਆ ਨੁਕਸਾਨ ਦਾ ਜਾਇਜ਼ਾ By admin - September 5, 2025 0 12 Facebook Twitter Pinterest WhatsApp ਕੇਂਦਰ ਸਰਕਾਰ ਵੱਲੋਂ ਭੇਜੀ ਟੀਮ ਅੱਜ ਸਰਹੱਦੀ ਜ਼ਿਲ੍ਹਾ ਫਾਜਿਲਕਾ ਦੇ ਹੜ੍ਹ ਮਾਰੇ ਇਲਾਕਿਆਂ ਦਾ ਦੌਰਾ ਕਰਨ ਪਹੁੰਚੀ। ਟੀਮ ਦੇ ਫਾਜ਼ਿਲਕਾ ਪਹੁੰਚਣ ‘ਤੇ ਕਮਿਸ਼ਨਰ ਮਨਜੀਤ ਸਿੰਘ ਬਰਾੜ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਗੁਰਮੀਤ ਸਿੰਘ ਨੇ ਟੀਮ ਦਾ ਸਵਾਗਤ ਕੀਤਾ। ਟੀਮ ਨੇ ਕਿਸ਼ਤੀਆਂ ਰਾਹੀਂ ਸਤਲੁਜ ਦਰਿਆ ਦੇ ਪਾਰ ਸਥਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਫਸਲਾਂ, ਘਰਾਂ ਅਤੇ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਦੀ ਵਿਸਥਾਰਤ ਰਿਪੋਰਟ ਤਿਆਰ ਕੀਤੀ। ਕੇਂਦਰੀ ਟੀਮ ਵਿੱਚ ਖੇਤੀਬਾੜੀ ਡਾਇਰੈਕਟਰ ਲਕਸ਼ਮਣ ਰਾਮ ਬੁਲਦਕ, ਜਲ ਸ਼ਕਤੀ ਮੰਤਰਾਲੇ ਦੇ ਡਿਪਟੀ ਡਾਇਰੈਕਟਰ ਪ੍ਰਕਾਸ਼ ਚੰਦ ਅਤੇ ਬਿਜਲੀ ਮੰਤਰਾਲੇ ਦੇ ਆਰ.ਕੇ. ਤਿਵਾੜੀ ਸ਼ਾਮਲ ਸਨ। ਇਸ ਦੌਰਾਨ ਕੇਂਦਰੀ ਟੀਮ ਪਿੰਡ ਨੂਰ ਸ਼ਾਹ ਵਿਖੇ ਪਹੁੰਚੀ ਜਿੱਥੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਸਥਾਨਕ ਸਥਿਤੀ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਅਨਾਜ ਭੰਡਾਰ ਹੈ ਅਤੇ ਇਸ ਮੁਸ਼ਕਲ ਸਮੇਂ ਵਿੱਚ ਪੰਜਾਬ ਨੂੰ ਹਰ ਸੰਭਵ ਮਦਦ ਦਿੱਤੀ ਜਾਣੀ ਚਾਹੀਦੀ ਹੈ। ਟੀਮ ਨੇ ਨੂਰ ਸ਼ਾਹ, ਘੁਰਕਾ, ਕਵਾਂਵਾਲੀ ਪੱਤਣ ਸਮੇਤ ਕਈ ਇਲਾਕਿਆਂ ਦਾ ਦੌਰਾ ਕੀਤਾ ਅਤੇ ਨੁਕਸਾਨ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕੇਂਦਰੀ ਟੀਮ ਸਾਹਮਣੇ ਜ਼ਿਲ੍ਹੇ ਦੇ ਹਾਲਾਤਾਂ ਦਾ ਬਿਊਰਾ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ। ਇਸ ਮੌਕੇ ਡਾਇਰੈਕਟਰ ਖੇਤੀਬਾੜੀ ਜਸਵੰਤ ਸਿੰਘ, ਨਿਗਰਾਨੀ ਇੰਜੀਨੀਅਰ ਗਗਨਦੀਪ ਸਿੰਘ ਗਿੱਲ, ਓਐਸਡੀ ਪਾਵਰ ਨਰਿੰਦਰ ਮਹਿਤਾ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਮਨਦੀਪ ਕੌਰ, ਐਸਡੀਐਮ ਕ੍ਰਿਸ਼ਨਾ ਪਾਲ ਰਾਜਪੂਤ, ਵੀਰਪਾਲ ਕੌਰ, ਕਵਰਜੀਤ ਸਿੰਘ ਮਾਨ, ਸਹਾਇਕ ਕਮਿਸ਼ਨਰ (ਜਨਰਲ) ਅਮਨਦੀਪ ਸਿੰਘ ਮਾਵੀ ਅਤੇ ਤਹਿਸੀਲਦਾਰ ਜਸਪ੍ਰੀਤ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।