ਅੰਮ੍ਰਿਤਸਰ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਰਾਜਾ ਵੜਿੰਗ ਦੀ ਮੀਟਿੰਗ; ਕਾਂਗਰਸੀ ਨੇਤਾਵਾਂ ਤੇ ਵਰਕਰਾਂ ਨੇ ਮਿਲ ਕੇ ਬਣਾਈ ਰਾਹਤ ਯੋਜਨਾ

0
8

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਅੰਮ੍ਰਿਤਸਰ ਪਹੁੰਚੇ ਅਤੇ ਸਾਬਕਾ ਕਾਂਗਰਸੀ ਮੰਤਰੀਆਂ, ਵਿਧਾਇਕਾਂ, ਮੌਜੂਦਾ ਕੌਂਸਲਰਾਂ ਤੇ ਵਰਕਰਾਂ ਨਾਲ ਖ਼ਾਸ ਮੀਟਿੰਗ ਕੀਤੀ। ਇਹ ਮੀਟਿੰਗ ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਲਈ ਰਾਹਤ ਕਾਰਜਾਂ ਨੂੰ ਲੈ ਕੇ ਬੁਲਾਈ ਗਈ ਸੀ। ਰਾਜਾ ਵੜਿੰਗ ਨੇ ਕਿਹਾ ਕਿ 1988 ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ ਇਸ ਤਰ੍ਹਾਂ ਦੀ ਤਬਾਹੀ ਦੇਖਣ ਨੂੰ ਮਿਲੀ ਹੈ। ਉਹਨਾਂ ਨੇ ਮੰਨਿਆ ਕਿ ਹੜ੍ਹ ਵਿੱਚ ਸਰਕਾਰੀ ਨਾਕਾਮੀਆਂ ਵੀ ਕਾਰਨ ਬਣੀਆਂ ਹਨ, ਪਰ ਇਸ ਸਮੇਂ ਨੁਕਤਾ ਚੀਨੀ ਦੀ ਬਜਾਏ ਲੋਕਾਂ ਦੇ ਨਾਲ ਖੜ੍ਹਨ ਦੀ ਲੋੜ ਹੈ। “ਇਹ ਸਮਾਂ ਲੋਕਾਂ ਦੀ ਸਹਾਇਤਾ ਕਰਨ ਦਾ ਹੈ, ਰਾਜਨੀਤੀ ਬਾਅਦ ਵਿੱਚ ਵੀ ਹੋ ਜਾਵੇਗੀ।
ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਕਾਂਗਰਸ ਵਰਕਰ ਆਪਣੀਆਂ ਜੇਬਾਂ ਅਤੇ ਤਨਖਾਹਾਂ ਵਿੱਚੋਂ ਹੜ੍ਹ ਪੀੜਤਾਂ ਦੀ ਮਦਦ ਲਈ ਯੋਗਦਾਨ ਪਾਉਣਗੇ। ਤਕਰੀਬਨ 70 ਤੋਂ 80 ਲੱਖ ਰੁਪਏ ਦੀ ਰਾਹਤ ਸਮਗਰੀ ਇਕੱਠੀ ਕਰਕੇ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚਾਉਣ ਦਾ ਵਾਅਦਾ ਕੀਤਾ ਗਿਆ। ਇਸਦੇ ਨਾਲ ਨਾਲ, ਐਮਪੀ ਔਜਲਾ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ ਵੀ ਮਦਦ ਦਾ ਐਲਾਨ ਕੀਤਾ।
ਇਸ ਮੌਕੇ ਇੱਕ ਖ਼ਾਸ ਰਾਹਤ ਕੋਆਰਡੀਨੇਸ਼ਨ ਕਮੇਟੀ ਵੀ ਬਣਾਈ ਗਈ ਜਿਸ ਵਿੱਚ ਅਸ਼ਵਨੀ ਪੱਪੂ, ਸੱਚਰ, ਵਿਕਾਸ ਸੋਨੀ, ਸੁਨੀਲ ਦੱਤੀ ਸਮੇਤ ਹੋਰ ਕੌਂਸਲਰ ਸ਼ਾਮਲ ਹਨ। ਇਹ ਕਮੇਟੀ ਰਾਹਤ ਸਮਗਰੀ ਦੀ ਖ਼ਰੀਦਾਰੀ ਕਰਕੇ ਪ੍ਰਭਾਵਿਤ ਹਲਕਿਆਂ ਵਿੱਚ ਪਹੁੰਚਾਉਣ ਦੀ ਜ਼ਿੰਮੇਵਾਰੀ ਨਿਭਾਏਗੀ।
ਰਾਜਾ ਵੜਿੰਗ ਨੇ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਗਵਰਨਰ ਜਾਂ ਮੁੱਖ ਮੰਤਰੀ ਦੇ ਕੇਵਲ ਦੌਰਿਆਂ ਨਾਲ ਕੁਝ ਨਹੀਂ ਬਣੇਗਾ। ਲੋਕਾਂ ਨੂੰ ਅਸਲ ਰਾਹਤ ਚਾਹੀਦੀ ਹੈ ਘਰ ਡਿੱਗ ਗਏ, ਪਸ਼ੂ ਮਰ ਗਏ, ਫਸਲ ਤਬਾਹ ਹੋ ਗਈ। ਹੁਣ ਕੇਂਦਰ ਅਤੇ ਰਾਜ ਸਰਕਾਰ ਨੂੰ ਤੁਰੰਤ ਵੱਡਾ ਪੈਕੇਜ ਐਲਾਨਣਾ ਚਾਹੀਦਾ ਹੈ।
ਉਹਨਾਂ ਮੰਗ ਕੀਤੀ ਕਿ ਘਰਾਂ ਦੇ ਨੁਕਸਾਨ ਦੀ ਭਰਪਾਈ ਲਈ ਘੱਟੋ ਘੱਟ 1 ਲੱਖ ਰੁਪਏ, ਜਾਨਵਰਾਂ ਦੇ ਨੁਕਸਾਨ ਲਈ 50 ਹਜ਼ਾਰ ਰੁਪਏ ਅਤੇ ਤਬਾਹ ਹੋਈ ਫਸਲ ਦਾ ਬਣਦਾ ਮੁਆਵਜਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਡਰਾਮੇਬਾਜ਼ੀ ਨਾਲ ਨਹੀਂ, ਜ਼ਮੀਨੀ ਮਦਦ ਨਾਲ ਹੀ ਜਨਤਾ ਦਾ ਦੁੱਖ ਘਟ ਸਕਦਾ ਹੈ।

LEAVE A REPLY

Please enter your comment!
Please enter your name here