ਜਿੱਥੇ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ, ਉੱਥੇ ਹੀ ਪਟਿਆਲਾ ਜ਼ਿਲ੍ਹੇ ਦੇ ਘਨੌਰ ਹਲਕੇ ਦੇ ਪਿੰਡ ਚਮਾਰੂ ਦੇ ਲੋਕਾਂ ਨੂੰ ਵੀ ਭਾਰੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਐ। ਹਾਲਾਤ ਇੰਨੇ ਮਾੜੇ ਨੇ ਕਿ ਪਿੰਡ ਵਿੱਚ ਪਿਛਲੇ ਕਈ ਘੰਟਿਆਂ ਤੋਂ ਬਿਜਲੀ ਸਪਲਾਈ ਬੰਦ ਹੋ ਚੁੱਕੀ ਐ, ਜਿਸ ਦੇ ਚਲਦਿਆਂ ਪੀਣ ਵਾਲੇ ਪਾਣੀ ਦਾ ਸੰਕਟ ਵੀ ਖੜ੍ਹਾ ਹੋ ਗਿਆ ਐ।
ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਘਰਾਂ ਅੰਦਰ ਤਿੰਨ ਫੁੱਟ ਤੱਕ ਪਾਣੀ ਭਰ ਗਿਆ ਹੈ। ਅਜੇ ਤਕ ਪ੍ਰਸ਼ਾਸਨ ਜਾਂ ਸਮਾਜ ਸੇਵੀ ਸੰਸਥਾ ਦੀ ਪਿੰਡ ਤਕ ਪਹੁੰਚ ਨਹੀਂ ਹੋਈ, ਜਿਸ ਦੇ ਚਲਦਿਆਂ ਲੋਕਾਂ ਦੀ ਚਿੰਤਾ ਵੱਧ ਗਈ ਐ। ਲੋਕਾਂ ਨੇ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਛੇਤੀ ਰਾਹਤ ਪਹੁੰਚਾਉਣ ਦੀ ਅਪੀਲ ਕੀਤੀ ਐ।
ਆਪਣਾ ਦਰਦ ਬਿਆਨਦਿਆਂ ਲੋਕਾਂ ਨੇ ਦੱਸਿਆ ਕਿ ਇਸ ਖੇਤਰ ਵਿੱਚ ਰਹਿਣਾ ਆਪਣੇ ਆਪ ਵਿੱਚ ਇੱਕ ਵੱਡੀ ਚੁਣੌਤੀ ਹੈ। ਇੱਕ ਪਾਸੇ ਘੱਗਰ ਸਾਰੀਆਂ ਫਸਲਾਂ ਬਰਬਾਦ ਕਰ ਦਿੰਦਾ ਹੈ, ਅਤੇ ਦੂਜੇ ਪਾਸੇ ਸਤਲੁਜ-ਯਮੁਨਾ ਲਿੰਕ ਨਹਿਰ ਦਾ ਪ੍ਰਭਾਵ ਵੀ ਝੱਲਣਾ ਪੈਂਦਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਤੋਂ ਨਿਕਲਣ ਵਾਲਾ ਗੰਦਾ ਨਾਲਾ ਵੀ ਇਸ ਖੇਤਰ ਦੇ ਨਾਲ ਲੱਗਦਾ ਹੈ, ਜੋ ਬਾਰਸ਼ਾਂ ਦੌਰਾਨ ਓਵਰਫਲੋਅ ਹੋ ਜਾਂਦਾ ਹੈ। ਇਸ ਕਾਰਨ ਪਿੰਡ ਚਾਰੇ ਪਾਸਿਓਂ ਪਾਣੀ ਨਾਲ ਘਿਰਿਆ ਹੋਇਆ ਹੈ ਅਤੇ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਬਚਿਆ ਹੈ।