ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸਤਲੁਜ ਦਰਿਆ ਨੇੜੇ ਰਹਿੰਦੇ ਲੋਕਾਂ ਨੂੰ ਸੁਰੱਖਿਆ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਭਾਖੜਾ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਦੇ ਬਹੁਤ ਨੇੜੇ ਪਹੁੰਚ ਚੁੱਕਾ ਐ, ਜਿਸ ਦੇ ਚਲਦਿਆਂ ਡੈਮ ਵਿਚੋਂ 10 ਹਜ਼ਾਰ ਕਿਊਸਕ ਪਾਣੀ ਹੋਰ ਛੱਡਿਆ ਜਾ ਰਿਹਾ ਐ। ਉਨ੍ਹਾਂ ਦਰਿਆ ਨੇੜਲੇ ਇਲਾਕਿਆਂ ਅੰਦਰ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ ਐ ਤਾਂ ਜੋ ਸੰਭਾਵਿਤ ਖਤਰੇ ਨੂੰ ਟਾਲਿਆ ਜਾ ਸਕੇ।
ਉਨ੍ਹਾਂ ਲੋਕਾਂ ਨੂੰ ਖਤਰੇ ਵਾਲੀਆਂ ਥਾਵਾਂ ਤੇ ਮਿੱਟੀ ਦੇ ਥੈਲੇ ਭਰ ਕੇ ਰੱਖਣ ਦੀ ਸਲਾਹ ਦਿੱਤੀ ਐ। ਉਨ੍ਹਾਂ ਕਿਹਾ ਕਿ ਕੁੱਝ ਥਾਵਾਂ ਤੇ ਧੁੱਸੀ ਬੰਨ੍ਹ ਨੂੰ ਢਾਹ ਲੱਗੀ ਹੋਈ ਐ, ਜਿਸ ਦੇ ਚਲਦਿਆਂ ਹੋਰ ਪਾਣੀ ਦੀ ਆਮਦ ਦੇ ਮੱਦਨਜ਼ਰ ਵੱਧ ਤੋਂ ਵੱਧ ਮਿੱਟੀ ਦੇ ਥੈਲੇ ਭਰ ਕੇ ਰੱਖੇ ਜਾਣ ਤਾਂ ਜੋ ਲੋੜ ਪੈਣ ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ।
ਉਨ੍ਹਾਂ ਅੱਗੇ ਕਿਹਾ ਕਿ ਲਗਾਤਾਰ ਵੱਧ ਰਹੇ ਪਾਣੀ ਦੇ ਬਹਾਵ ਕਾਰਨ ਭਾਖੜਾ ਡੈਮ ਦਾ ਲੈਵਲ 1679 ਫੁੱਟ ਤੱਕ ਪਹੁੰਚ ਗਿਆ ਹੈ ਜੋ ਖਤਰੇ ਦੇ ਨਿਸ਼ਾਨ ਤੋਂ ਸਿਰਫ਼ ਇੱਕ ਫੁੱਟ ਹੀ ਘੱਟ ਹੈ। ਉਹਨਾਂ ਨੇ ਕਿਹਾ ਕਿ ਲੈਵਲ ਨੂੰ ਦੇਖਦਿਆਂ ਅੱਜ ਕੁਝ ਸਮੇਂ ਵਿੱਚ ਕਰੀਬ 10 ਹਜ਼ਾਰ ਕਿਉਸਿੱਖ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾਵੇਗਾ। ਇਸ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਦਰਿਆ ਕਿਨਾਰੇ ਵਸੇ ਲੋਕਾਂ ਨੂੰ ਪਹਿਲਾਂ ਹੀ ਚੇਤਾਵਨੀ ਜਾਰੀ ਕਰਦਿਆਂ ਅਪੀਲ ਕੀਤੀ ਹੈ ਕਿ ਉਹ ਸੁਰੱਖਿਅਤ ਥਾਵਾਂ ਵੱਲ ਰੁਖ ਕਰਨ।
ਉਨ੍ਹਾਂ ਅਪੀਲ ਕੀਤੀ ਹੈ ਕਿ ਆਪਣੀ ਜਾਨ ਦੀ ਸੰਭਾਲ ਕਰਦੇ ਹੋਏ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਚਲੇ ਜਾਣ। ਉਹਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ। ਮੈਡੀਕਲ ਟੀਮਾਂ, ਮੋਟਰਬੋਟ ਅਤੇ ਖਾਣ-ਪੀਣ ਦੀਆਂ ਚੀਜ਼ਾਂ ਉਪਲਬਧ ਕਰਵਾਉਣ ਲਈ ਵੱਖ-ਵੱਖ ਪਿੰਡਾਂ ਵਿੱਚ ਰਾਹਤ ਕੈਂਪ ਲਗਾਏ ਗਏ ਹਨ। ਬੈਂਸ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ ਲਈ ਹਰ ਸੰਭਵ ਯਤਨ ਕਰ ਰਹੇ ਹਨ ਪਰ ਇਸ ਸਮੇਂ ਲੋਕਾਂ ਦਾ ਸਹਿਯੋਗ ਸਭ ਤੋਂ ਵੱਧ ਜ਼ਰੂਰੀ ਹੈ।