
ਪੰਜਾਬ ਵਾਸੀਆਂ ਲਈ ਬਾਬਾ ਫਰੀਦ ਯੂਨੀਵਰਸਿਟੀ ਤੋਂ ਚੰਗੀ ਖਬਰ ਸਾਹਮਣੇ ਆਈ ਐ। ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਇੱਥੇ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ 50 ਸੀਟਾਂ ਦਾ ਵਾਧਾ ਹੋ ਗਿਆ ਐ। ਇੱਥੇ ਹੁਣ ਐਮਬੀਬੀਐਸ ਕੋਰਸ ਲਈ 150 ਤੋਂ ਵੱਧ ਕੇ 200 ਸੀਟਾਂ ਵਾਲਾ ਕਾਲਜ ਬਣ ਗਿਆ ਐ। ਇਸ ਕਾਲਜ ਵਿਚ ਅਗਲੇ ਸਾਲ ਤੋਂ ਡੈਂਟਲ ਕੋਰਸ ਵੀ ਸ਼ੁਰੂ ਹੋਣ ਜਾ ਰਿਹਾ ਐ। ਇਸ ਸਬੰਧੀ ਜਾਣਕਾਰੀ ਯੂਨੀਵਰਸਿਟੀ ਵੀਸੀ ਡਾ. ਰਾਜੀਵ ਸੂਦ ਨੇ ਪ੍ਰੈੱਸ ਵਾਰਤਾ ਦੌਰਾਨ ਦਿੱਤੀ ਐ। ਉਨ੍ਹਾਂ ਇਸ ਪ੍ਰਾਪਤੀ ਲਈ ਮੁੱਖ ਮੰਤਰੀ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਧੰਨਵਾਦ ਕੀਤਾ ਐ।
ਦੱਸਣਯੋਗ ਐ ਕਿ ਇਹ ਕਾਲਜ 1978 ਵਿੱਚ ਸਿਰਫ਼ 50 MBBS ਸੀਟਾਂ ਨਾਲ ਸਥਾਪਿਤ ਹੋਇਆ, ਜੋ ਲਗਾਤਾਰ ਤਰੱਕੀ ਕਰਦਾ ਹੋਇਆ 150 ਸੀਟਾ ਵਾਲਾ ਕਾਲਜ ਬਣਿਆਂ ਸੀ ਅਤੇ ਹੁਣ 50 ਹੋਰ ਸੀਟਾਂ ਵਧਣ ਬਾਅਦ 200 ਸੀਟਾਂ ਵਾਲਾ ਕਾਲਜ ਬਣ ਗਿਆ ਐ। ਇਹ ਵਾਧਾ ਵਾਈਸ ਚਾਂਸਲਰ ਪ੍ਰੋ. (ਡਾ.) ਰਾਜੀਵ ਸੂਦ ਅਤੇ ਮੁੱਖ ਮੰਤਰੀ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਸਹਿਯੋਗ ਸਦਕਾ ਸੰਭਵ ਹੋਇਆ ਹੈ।
ਐਮਬੀਬੀਐਸ ਤੋਂ ਇਲਾਵਾ, ਪੋਸਟਗ੍ਰੈਜੂਏਟ ਸਿੱਖਿਆ ਵਿੱਚ ਵੀ ਸ਼ਾਨਦਾਰ ਵਾਧਾ ਹੋਇਆ ਹੈ। 1998-99 ਵਿੱਚ ਕੇਵਲ 9 MD/MS ਸੀਟਾਂ ਸਨ, ਜਿਹੜੀਆਂ ਹੁਣ 2025 ਤੱਕ 105 ਹੋ ਗਈਆਂ ਹਨ। ਆਉਣ ਵਾਲੇ ਸੈਸ਼ਨ ਤੋਂ 22 ਨਵੀਆਂ ਸੀਟਾਂ ਹੋਰ ਵਧਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਇਸ ਚਾਂਸਲਰ ਡਾ. ਰਾਜੀਵ ਸੂਦ ਨੇ ਕਿਹਾ ਕਿ ਅੱਜ ਗੁਰੂ ਗੋਬਿੰਦ ਸਿੰਘ ਮੈਡਿਕਲ ਕਾਲਜ ਐਂਡ ਹਸਪਤਾਲ ਅਤੇ ਯੂਨੀਵਰਸਿਟੀ ਲਈ ਬਹੁਤ ਮਾਣ ਦਾ ਦਿਨ ਹੈ। MBBS ਦੀਆਂ 50 ਵਾਧੂ ਸੀਟਾਂ ਸਿਹਤ ਸਿੱਖਿਆ ਅਤੇ ਹੈਲਥਕੇਅਰ ਨੂੰ ਹੋਰ ਮਜ਼ਬੂਤ ਕਰਨ ਵੱਲ ਵੱਡਾ ਕਦਮ ਹੈ। ਉਸ ਇਸ ਸਭ ਲਈ ਮੁੱਖ ਮੰਤਰੀ ਮਾਨ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਧੰਨਵਾਦ ਕੀਤਾ ਐ।


