ਫਾਲਿਜਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਪੁਲਿਸ ਮੁਖੀ ਗੁਰਮੀਤ ਸਿੰਘ ਨੇ ਅੱਜ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰੀਕੇ ਪੱਤਣ ਤੋਂ 3 ਲੱਖ 30 ਹਜ਼ਾਰ ਕਿਊਸਿਕ ਪਾਣੀ ਦੀ ਨਿਕਾਸੀ ਕੀਤੀ ਜਾ ਰਹੀ ਐ, ਜਿਸ ਦੇ ਚਲਦਿਆਂ ਪਾਣੀ ਦਾ ਪੱਧਰ ਵਧ ਸਕਦਾ ਐ, ਇਸ ਲਈ ਹੜ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਰਾਹਤ ਕੈਂਪਾਂ ਵਿਚ ਚਲੇ ਜਾਣਾ ਚਾਹੀਦਾ ਐ। ਇਸ ਦੌਰਾਨ ਅਧਿਕਾਰੀਆਂ ਨੇ ਹੜ ਪ੍ਰਭਾਵਿਤ ਪਿੰਡਾਂ ਮਹਾਤਮ ਨਗਰ, ਚੱਕ ਰੋਹੇਲਾ, ਤੇਜਾ ਰੁਹੇਲਾ ਆਦਿ ਦਾ ਕਿਸ਼ਤੀ ਰਾਹੀਂ ਦੌਰਾ ਕੀਤਾ ਅਤੇ ਹਾਲਾਤ ਦਾ ਜਾਇਜ਼ਾ ਲਿਆ। ਉਨਾਂ ਕਿਹਾ ਕਿ ਪਾਣੀ ਦਾ ਪੱਧਰ ਅੱਗੇ ਨਾਲੋਂ ਕਾਫੀ ਮਾਤਰਾ ਵਿੱਚ ਵਧਿਆ ਹੈ ਇਸ ਕਰਕੇ ਲੋਕ ਜਲਦ ਤੋਂ ਜਲਦ ਸੁਰੱਖਿਅਤ ਥਾਂ ਤੇ ਆ ਜਾਣ।
ਉਨਾ ਕਿਹਾ ਕਿ ਇਹ ਅਪੀਲ ਲੋਕਾਂ ਦੀ ਭਲਾਈ ਹਿੱਤ ਲਈ ਹੀ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨਾਂ ਨੇ ਦੱਸਿਆ ਕਿ ਐਨਡੀਆਰਐਫ ਦੀ ਟੀਮਾਂ ਦੀ ਗਿਣਤੀ ਵੱਧ ਗਈ ਹੈ ਅਤੇ ਹੁਣ ਜ਼ਿਲ੍ਹੇ ਵਿੱਚ ਚਾਰ ਐਨ ਆਰ ਡੀ ਆਰ ਐਫ ਦੀਆਂ ਟੀਮਾਂ ਕਾਰਜਸ਼ੀਲ ਹਨ। ਇਸ ਤੋਂ ਬਿਨਾਂ 67 ਇਨਫੈਂਟਰੀ ਬ੍ਰਿਗੇਡ ਆਰਮੀ ਦੀਆਂ ਟੀਮਾਂ ਵੀ ਲਗਾਤਾਰ ਸਰਹੱਦੀ ਪਿੰਡਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਆਖਿਆ ਕੀ ਬੱਚਿਆਂ, ਬਜ਼ੁਰਗਾਂ, ਮਹਿਲਾਵਾਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਰਾਹਤ ਕੇਂਦਰਾਂ ਵਿੱਚ ਭੇਜਿਆ ਜਾਵੇ ਤਾਂ ਜੋ ਉਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾ ਸਕੇ। ਉਹਨਾਂ ਦੱਸਿਆ ਕਿ ਹੁਣ ਤੱਕ 34 ਪਿੰਡ ਪ੍ਰਭਾਵਿਤ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਜੇਕਰ ਪਾਣੀ ਦਾ ਪੱਧਰ ਜਿਆਦਾ ਵੱਧ ਗਿਆ ਤਾਂ ਬਾਹਰ ਆਉਣਾ ਔਖਾ ਹੋ ਜਾਵੇਗਾ ਤੇ ਇਸ ਨਾਲ ਨੁਕਸਾਨ ਵੀ ਹੋ ਸਕਦਾ ਹੈ|
ਉਹਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ ਅਤੇ ਜਲਦ ਤੋਂ ਜਲਦ ਸੁਰੱਖਿਅਤ ਥਾਵਾਂ ਤੇ ਆਇਆ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲੇ ਅੰਦਰ 12 ਰਾਹਤ ਕੇਂਦਰ ਕਾਰਜਸ਼ੀਲ ਹਨ ਤੇ ਹਰੇਕ ਪ੍ਰਕਾਰ ਦੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਹਨ। ਉਹਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ, ਐਨਡੀਆਰਐਫ ਆਰਮੀ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ ਜੋ ਕਿਸ਼ਤੀਆਂ ਤੇ ਲੋਕਾਂ ਨੂੰ ਬਾਹਰ ਸੁਰੱਖਿਤ ਲਿਆਉਣ ਲਈ ਵਚਨਬੱਧ ਹਨ। ਇਸੇ ਤਰ੍ਹਾਂ ਜੋ ਲੋਕ ਹਾਲੇ ਵੀ ਪਿੰਡਾਂ ਦੇ ਅੰਦਰ ਹਨ ਉਹਨਾਂ ਤੱਕ ਕਿਸ਼ਤੀਆਂ ਰਾਹੀਂ ਰਸਦ ਅਤੇ ਜਾਨਵਰਾਂ ਲਈ ਕੈਟਲ ਫੀਡ ਭੇਜੀ ਜਾ ਰਹੀ ਹੈ। ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਨੂੰ ਤਰਪਾਲਾਂ ਵੀ ਵੰਡੀਆਂ ਜਾ ਰਹੀਆਂ ਹਨ। ਇਸ ਮੌਕੇ ਐਸਡੀਐਮ ਵੀਰਪਾਲ ਕੌਰ, ਸਹਾਇਕ ਕਮਿਸ਼ਨਰ ਅਮਨਦੀਪ ਸਿੰਘ ਮਾਵੀ ਅਤੇ ਹੋਰ ਸਟਾਫ ਮੌਜੂਦ ਸਨ।