ਸੰਤ ਸੀਚੇਵਾਲ ਨੇ ਮੁੱਖ ਸਕੱਤਰ ਕੋਲ ਚੁੱਕਿਆ ਹਰੀਕੇ ਪੱਤਣ ਦਾ ਮੁੱਦਾ; ਹਰੀਕੇ ਪੱਤਣ ਨੂੰ ਡੀ-ਸਿਲਟਿੰਗ ਕਰਵਾਉਣ ਦੀ ਕੀਤੀ ਮੰਗ

0
5

 

ਦੇਰ ਸ਼ਾਮ ਨਾਲ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਪਹੁੰਚੇ ਮੁੱਖ ਸਕੱਤਰ ਕੇ.ਏ.ਪੀ ਸਿਨਹਾ ਨੇ ਮੰਡ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਸਕੱਤਰ ਕੋਲ ਹਰੀਕੇ ਪੱਤਣ ਨੂੰ ਡੀ-ਸਿਲਟਿੰਗ ਕਰਵਾਉਣ ਦਾ ਮੁੱਦਾ ਉਠਾਉਂਦਿਆ ਕਿਹਾ ਕਿ ਜਦੋਂ ਤੱਕ ਦਰਿਆ ਦੀ ਡੀ-ਸਿਲਟਿੰਗ ਨਹੀ ਕਰਵਾਈ ਜਾਂਦੀ ਉਦੋਂ ਤੱਕ ਇਸ ਇਲਾਕੇ ਦੇ ਹਲਾਤ ਨਹੀਂ ਸੁਧਰ ਸਕਦੇ। ਸੰਤ ਸੀਚੇਵਾਲ ਨੇ ਦੱਸਿਆ ਕਿ ਹਰ ਸਾਲ ਹੀ ਹਿਮਾਚਲ ਵਿੱਚ ਪੈਂਦੇ ਮੀਂਹ ਨਾਲ ਬਿਆਸ ਦਰਿਆ ਵਿੱਚ ਵੱਡੇ ਪੱਧਰ ਤੇ ਮਿੱਟੀ ਤੇ ਰੇਤਾ ਪਾਣੀ ਰਾਹੀ ਆ ਜਾਂਦੀ ਹੈ। ਜਿਹੜੀ ਹਰੀਕੇ ਹੈੱਡ ਤੇ ਜਮ੍ਹਾ ਹੁੰਦੀ ਰਹਿੰਦੀ ਹੈ, ਜੋ ਮੰਡ ਇਲਾਕੇ ਅੰਦਰ ਹੜ੍ਹਾਂ ਦਾ ਕਾਰਨ ਬਣਦੀ ਐ। ਉਨ੍ਹਾਂ ਮੁੱਖ ਸਕੱਤਰ ਤੋਂ ਇਸ ਪਾਸੇ ਛੇਤੀ ਧਿਆਨ ਦੇਣ ਦੀ ਮੰਗ ਕੀਤੀ ਐ।
ਉਹਨਾਂ ਮੁੱਖ ਸਕੱਤਰ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਹਰੀਕੇ ਜਲਗਾਹ ਅਸਲ ਵਿੱਚ ਰਾਜਸਥਾਨ ਸਰਕਾਰ ਦਾ ਪੌਂਡ ਏਰੀਆ ਹੈ। ਰਾਜਸਥਾਨ ਨੂੰ ਜਾਣ ਵਾਲ਼ੀ ਨਹਿਰ ਦਾ ਪਾਣੀ ਇਸ ਇਲਾਕੇ ਵਿੱਚ ਜੰਮ੍ਹਾ ਰਹਿੰਦਾ ਹੈ। ਇਸ ਬਾਬਤ ਰਾਜਸਥਾਨ ਸਰਕਾਰ ਨੇ 400 ਕਰੋੜ ਦਾ ਪ੍ਰੋਜੈਕਟ ਵੀ ਬਣਾਇਆ ਸੀ। ਸੰਤ ਸੀਚੇਵਾਲ ਨੇ ਦੱਸਿਆ ਕਿ ਬਿਆਸ ਦਰਿਆ ਵਿੱਚ ਗਾਰ ਜੰਮਣ ਕਾਰਣ ਇਹ ਉਚਾ ਵੱਗ ਰਿਹਾ ਹੈ ਜਦਕਿ ਇਸਦੇ ਨਾਲ ਲਗਦੀਆਂ ਜ਼ਮੀਨਾਂ ਨੀਵੀਆਂ ਹਨ।
ਇਸਤੋਂ ਉਪਰੰਤ ਸੰਤ ਸੀਚੇਵਾਲ ਵੱਲੋਂ ਮੁੱਖ ਸਕੱਤਰ ਨੂੰ ਕਿਸ਼ਤੀ ਰਾਹੀ ਮੰਡ ਇਲਾਕੇ ਦੇ ਸਭ ਤੋਂ ਪ੍ਰਭਾਵਿਤ ਘਰਾਂ ਦਾ ਦੌਰਾ ਕਰਵਾਇਆ ਗਿਆ। ਹੜ੍ਹ ਦੌਰਾਨ ਇਹ ਘਰ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਕਿਸਾਨਾਂ ਦੀਆਂ ਜਿੱਥੇ ਫਸਲਾਂ ਡੁੱਬੀਆਂ ਹਨ ਉੱਥੇ ਹੀ ਕਿਸਾਨਾਂ ਦੀਆਂ ਹੋਰ ਜ਼ਮੀਨਾਂ ਜ਼ਾਇਦਾਦਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਪਿਛਲੇ 21 ਦਿਨਾਂ ਤੋਂ ਹੜ੍ਹਾਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਵਿੱਚ ਦਿਨ ਰਾਤ ਡਟੇ ਹੋਏ ਹਨ। ਮੰਡ ਇਲਾਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਡੇਰਿਆਂ ਵਿੱਚ ਕਈ ਕਈ ਚੱਕਰ ਲਾ ਚੁੱਕੇ ਹਨ ਤੇ ਉਹਨਾਂ ਦੇ ਦੁਖਾਂਤ ਨੂੰ ਨੇੜਿਓ ਮਹਿਸੂਸ ਕਰ ਰਹੇ ਹਨ। ਕਈ ਰਾਜਨੀਤਿਕ ਪਾਰਟੀਆਂ ਦੇ ਆਗੂ ਇਹਨਾਂ ਹੜ੍ਹਾਂ ਨੂੰ ਕੁਦਰਤੀ ਕਰੋਪੀ ਮੰਨਣ ਦੀ ਥਾਂ ਮੈਨ ਮੈੱਡ(ਮਨੱੁਖ ਦੁਆਰਾ ਸਿਰਜੀ ਤਬਾਹੀ) ਦੱਸ ਰਹੀਆਂ ਹਨ।
ਪੀੜਤ ਇੱਕ ਬਜ਼ੁਰਗ ਕਿਸਾਨ ਨੇ ਦੱਸਿਆ ਕਿ ਉਹਨਾਂ ਦੀਆਂ 3 ਪੀੜੀਆਂ ਇਸ ਦਰਿਆ ਨਾਲ ਜੂਝ ਜੂਝ ਖਤਮ ਹੋ ਗਈਆਂ ਹਨ ਤੇ ਇਸ ਵਕਤ ਪੰਜਵੀ ਪੀੜੀ ਜੂਝ ਰਹੀ ਹੈ। ਇਸ ਬਜ਼ੁਰਗ ਦਾ ਕਹਿਣ ਹੈ ਕਿ ਜੇਕਰ ਦਰਿਆ ਸਮੇਂ ਸਿਰ ਸਾਫ ਕਿਤੇ ਹੁੰਦੇ ਤਾਂ ਸਾਨੂੰ ਕਦੇ ਵੀ ਇਹ ਦਿਨ ਨਾ ਦੇਖਣੇ ਪੈਂਦੇ। ਉਸਨੇ ਇਸ ਗੱਲ ਤੇ ਵੀ ਹੈਰਾਨੀ ਪ੍ਰਗਟਾਈ ਕਿ ਜਿਸ ਵਿਭਾਗ ਦੀ ਅਣਗਹਿਲੀ ਕਾਰਣ ਉਹ ਤਬਾਹ ਹੋਏ ਹਨ, ਉਹਨਾਂ ਹੜ੍ਹਾਂ ਪ੍ਰਭਾਵਿਤ ਇਲਾਕੇ ਵਿੱਚ ਆਉਂਣ ਦੇ ਬਾਵਜੂਦ ਵੀ ਕਿਸਾਨਾਂ ਦੇ ਘਰਾਂ ਤੱਕ ਜਾਣ ਦੀ ਹਿੰਮਤ ਨਹੀ ਦਿਖਾਈ।

LEAVE A REPLY

Please enter your comment!
Please enter your name here