ਅਜਨਾਲਾ ਦੇ ਪਿੰਡ ਸਾਹੁਵਾਲਾ ’ਚ ਹੜ੍ਹਾਂ ਦੀ ਤਬਾਹੀ; ਰਾਵੀ ਦੇ ਪਾਣੀ ਨਾਲ ਚੁਫੇਰਿਓ ਘਿਰਿਆ ਪੂਰਾ ਪਿੰਡ; 1988 ਤੋਂ ਬਾਦ ਮੁੜ ਵਾਪਰੀ ਵੱਡੀ ਤਬਾਹੀ

0
4

ਅਜਨਾਲਾ ਅਧੀਨ ਆਉਂਦੇ ਪਿੰਡ ਸਾਹੁਵਾਲਾ ਵਿਖੇ ਰਾਵੀ ਦਰਿਆ ਦੇ ਪਾਣੀ ਨੇ ਭਾਰੀ ਤਬਾਹੀ ਮਚਾਈ ਐ। ਹਾਲਤ ਐਨੇ ਗੰਭੀਰ ਨੇ ਕਿ ਲੋਕ ਆਪਣੇ ਘਰ-ਬਾਹਰ ਛੱਡ ਕੇ ਰਿਸ਼ਤੇਦਾਰਾਂ ਜਾਂ ਸੁਰੱਖਿਅਤ ਥਾਵਾਂ ਵੱਲ ਜਾਣ ਲਈ ਮਜਬੂਰ ਨੇ। ਲੋਕਾਂ ਦੇ ਜਾਣ ਬਾਅਦ ਜਿੱਥੇ ਪਿੰਡ ਉਜਾੜ ਬਣ ਚੁੱਕਿਆ ਐ ਉੱਥੇ ਹੀ ਸਾਰੇ ਪਾਸੇ ਹੜ੍ਹ ਦੀ ਤਬਾਹੀ ਦਾ ਮੰਜਰ ਨਜਰ ਆ ਰਿਹਾ ਐ।
ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ 1988 ਵਰਗੇ ਹਾਲਾਤਾਂ ਦਾ ਮੁੜ ਸਾਹਮਣਾ ਕਰਨਾ ਪਿਆ ਐ। ਉਨ੍ਹਾਂ ਕਿਹਾ ਕਿ ਉਸ ਵੇਲੇ ਵੀ ਲੋਕਾਂ ਦਾ ਭਾਰੀ ਨੁਸਕਾਨ ਹੋਇਆ ਸੀ, ਪਰ ਸਰਕਾਰਾਂ ਨੇ ਉਸ ਤੋਂ ਕੋਈ ਸਬਕ ਨਹੀਂ ਸਿੱਖਿਆ। ਸਰਕਾਰ ਨੇ ਬੰਨ੍ਹਾਂ ਦੀ ਮਜਬੂਤੀ ਤੇ ਡਰੇਨਾਂ ਦੀ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਦੇ ਚਲਦਿਆਂ ਵਿਆਪਕ ਤਬਾਹੀ ਵੇਖਣ ਨੂੰ ਮਿਲੀ ਐ। ਲੋਕਾਂ ਨੇ ਸਰਕਾਰ ਤੋਂ ਬਣਦੀ ਸਹਾਇਤਾ ਦੀ ਮੰਗ ਕੀਤੀ ਐ।
ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਲੋਕਾਂ ਦੀਆਂ ਲੱਖਾਂ ਰੁਪਏ ਖਰਚ ਕਰ ਕੇ ਬਣਾਈਆਂ ਕੋਠੀਆਂ ਪਾਣੀ ਦੀ ਮਾਰ ਹੇਠਾਂ ਆ ਗਈਆਂ। ਹੜ੍ਹ ਦੇ ਪਾਣੀ ਵਿਚ ਵਹਿ ਕੇ ਬਹੁਤ ਸਾਰੇ ਪਸ਼ੂ ਪਾਕਿਸਤਾਨ ਵੱਲ ਰੁੜ ਗਏ ਨੇ, ਜਿਸ ਕਾਰਨ ਕਿਸਾਨਾਂ ਨੂੰ ਹੋਰ ਵੱਡਾ ਨੁਕਸਾਨ ਸਹਿਣਾ ਪਿਆ ਐ। ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਸਰਕਾਰਾਂ ਨੇ ਯੋਜਨਾਬੱਧ ਤਰੀਕੇ ਨਾਲ ਕਦਮ ਚੁੱਕੇ ਹੁੰਦੇ ਤਾਂ ਨਾ ਘਰ ਢਹਿੰਦੇ ਅਤੇ ਨਾ ਪਸ਼ੂ ਬਰਬਾਦ ਹੁੰਦੇ ਤੇ ਨਾ ਲੋਕਾਂ ਨੂੰ ਆਪਣਾ ਵਤਨ ਛੱਡਣਾ ਪੈਂਦਾ। ਲੋਕਾਂ ਦਾ ਇਲਜਾਮ ਸੀ ਕਿ ਸਰਕਾਰਾਂ ਸਿਰਫ਼ ਵੋਟਾਂ ਲਈ ਆਉਂਦੀਆਂ ਹਨ। ਜਦੋਂ ਜਨਤਾ ਮੁਸੀਬਤ ਵਿੱਚ ਹੁੰਦੀ ਹੈ ਤਾਂ ਕੋਈ ਹੱਲ ਨਹੀਂ ਦਿੰਦੀਆਂ। ਲੋਕਾਂ ਨੇ ਸਰਕਾਰ ਤੋਂ ਸਿਰਫ ਦੌਰੇ ਤੇ ਦਿਲਾਸੇ ਸਹਾਰੇ ਸਮਾਂ ਲੰਘਾਉਣ ਦੀ ਥਾਂ ਪੀੜਤਾਂ ਨੂੰ ਬਣਦੀ ਸਹਾਇਤਾ ਮੁਹੱਈਆ ਕਰਵਾਉਣੀ ਚਾਹੀਦੀ ਐ।

LEAVE A REPLY

Please enter your comment!
Please enter your name here