ਪੰਜਾਬ ਅੰਦਰ ਕਿਸਾਨਾਂ ਦੇ ਹੋ ਰਹੇ ਨੁਕਸਾਨ ਲਈ ਜਿੱਥੇ ਭਾਰੀ ਬਰਸਾਤ ਜ਼ਿੰਮੇਵਾਰ ਐ ਉੱਥੇ ਹੀ ਬਰਸਾਤੀ ਨਾਲਿਆਂ ਤੇ ਡਰੇਨਾਂ ਦੀ ਸਹੀ ਸਫਾਈ ਨਾ ਹੋਣ ਕਾਰਨ ਵੀ ਨੁਕਸਾਨ ਹੋ ਰਿਹਾ ਐ। ਇਸ ਦੀ ਉਦਾਹਰਨ ਸੰਗਰੂਰ ਦੇ ਹਲਕਾ ਲਹਿਰਾਗਾਗਾ ਤੋਂ ਸਾਹਮਣੇ ਆਈ ਐ, ਜਿੱਥੇ ਡਰੇਨ ਦੀ ਪੁਖਤਾ ਸਫਾਈ ਨਾ ਹੋਣ ਦੇ ਚਲਦਿਆਂ ਪਾਣੀ ਓਵਰ ਫਲੋਅ ਹੋ ਕੇ ਕਿਸਾਨਾਂ ਦੇ ਖੇਤਾਂ ਵਿਚ ਜਾ ਵੜਿਆ ਐ, ਜਿਸ ਕਾਰਨ ਸੈਂਕੜੇ ਏਕੜ ਫਸਲਾਂ ਦੇ ਨੁਕਸਾਨ ਦਾ ਖਦਸ਼ਾ ਪੈਦਾ ਹੋ ਗਿਆ ਐ। ਕਿਸਾਨਾਂ ਨੇ ਨੁਕਸਾਨ ਲਈ ਸਬੰਧਤ ਮਹਿਕਮੇ ਨੂੰ ਜ਼ਿੰਮੇਵਾਰ ਦਸਦਿਆਂ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਐ।
ਲੋਕਾਂ ਦੇ ਦੱਸਣ ਮੁਤਾਬਕ ਲਹਿਰਾ ਲਿੰਕ ਡਰੇਨ ਦੀ ਸਫਾਈ ਨਾ ਹੋਣ ਕਰਕੇ ਓਵਰਫਲੋ ਹੋਣ ਨਾਲ ਪਿੰਡ ਕੋਟੜਾ ਲਹਿਲ ਤੇ ਲਹਿਰਾ ਦੇ ਸੈਂਕੜੇ ਏਕੜ ਝੋਨੇ ਵਿੱਚ ਪਾਣੀ ਭਰ ਗਿਆ। ਕਿਸਾਨਾਂ ਨੇ ਇਸ ਲਈ ਨਹਿਰੀ ਵਿਭਾਗ ਨੂੰ ਜਿੰਮੇਵਾਰ ਦਸਦਿਆਂ ਕਿਹਾ ਕਿ ਲਹਿਰਾ ਲਿੰਕ ਡਰੇਨ ਵਿੱਚ ਚਾਰ ਪੰਜ ਕਿਲੋਮੀਟਰ ਦੇ ਏਰੀਏ ਚ ਜਿੱਥੇ ਜਿਆਦਾ ਬੂਟੀ ਸੀ ਉੱਥੇ ਠੇਕੇਦਾਰ ਵੱਲੋਂ ਸਫਾਈ ਕਰਨੀ ਦਾ ਦੂਰ ਮਸ਼ੀਨਾਂ ਤੱਕ ਵੀ ਨਹੀਂ ਲਿਆਂਦੀਆਂ ਗਈਆਂ ਪਰ ਹੁਣ ਜਦੋਂ ਡਰੇਨ ਦੇ ਓਵਰਫਲੋ ਪਾਣੀ ਨੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਡੁਬੋ ਦਿੱਤੀ ਹੈ ਤਾਂ ਠੇਕੇਦਾਰ ਵੱਲੋਂ ਮਸ਼ੀਨਾਂ ਲਿਆ ਕੇ ਡਰੇਨ ਚੋਂ ਜਲ ਬੂਟੀ ਕੱਢਣ ਦਾ ਡਰਾਮਾ ਕੀਤਾ ਜਾ ਰਿਹਾ ਹੈ।
ਦੂਸਰੇ ਪਾਸੇ ਲਹਿਰਾ ਮੇਨ ਡਰੇਨ ਦੀ ਪੁਖਤਾ ਸਫਾਈ ਨਾ ਹੋਣ ਕਰਕੇ ਹਲਕੇ ਦੇ ਪਿੰਡ ਚੋਟੀਆਂ ਨੇੜੇ ਡਰੇਨ ਓਵਰਫਲੋ ਹੋਣ ਨਾਲ 400 ਏਕੜ ਦੇ ਕਰੀਬ ਝੋਨਾ ਪਾਣੀ ਵਿੱਚ ਡੁੱਬ ਗਿਆ ਤੇ ਖੇਤਾਂ ਚੋਂ ਹੁੰਦਾ ਹੋਇਆ ਪਾਣੀ ਪਿੰਡ ਅੰਦਰ ਘਰਾਂ ਚ ਵੜਨਾ ਸ਼ੁਰੂ ਹੋ ਗਿਆ ਹੈ, ਕਿਸਾਨਾਂ ਨੇ ਦੱਸਿਆ ਕਿ ਉਨਾਂ ਠੇਕੇ ਤੇ ਜਮੀਨ ਲੈ ਕੇ ਖੇਤੀ ਕੀਤੀ ਹੋਈ ਹੈ ਪਰ ਸਰਕਾਰ ਤੇ ਡਰੇਨਜ ਵਿਭਾਗ ਦੀ ਲਾਪਰਵਾਹੀ ਕਰਕੇ ਉਹਨਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ ਤੇ ਬਚਦੀ ਦਿਖਾਈ ਨਹੀਂ ਦੇ ਰਹੀ , ਕਿਸਾਨਾਂ ਨੇ ਦੱਸਿਆ ਕਿ ਉਹ ਡਰੇਨ ਦੀ ਸਫਾਈ ਕਰਵਾਉਣ ਨੂੰ ਲੈ ਕੇ ਅਧਿਕਾਰੀਆਂ ਨੂੰ ਵੀ ਮਿਲੇ ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ, ਕਿਸਾਨਾਂ ਨੇ ਸਰਕਾਰ ਤੋਂ ਡਰੇਨਾਂ ਦੀ ਸਮੇਂ ਸਿਰ ਸਫਾਈ ਨਾ ਹੋਣ ਦੇ ਕਾਰਨਾਂ ਦੀ ਜਾਂਚ ਕਰਕੇ ਸੰਬੰਧਿਤ ਅਧਿਕਾਰੀਆਂ ਤੇ ਠੇਕੇਦਾਰ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ ।