ਪੰਜਾਬ ਸੰਗਰੂਰ ਨੂੰ ਮਿਲਿਆ ਨਵਾਂ ਡਿਪਟੀ ਕਮਿਸ਼ਨਰ; ਰਾਹੁਲ ਚਾਬਾ ਨੇ ਸੰਭਾਲਿਆ ਨਵੇਂ ਡੀਸੀ ਵਜੋਂ ਅਹੁਦਾ; ਕਿਹਾ, ਲੋਕਾਂ ਨੂੰ ਸਰਕਾਰੀ ਦਫ਼ਤਰਾਂ ਅੰਦਰ ਦਿੱਤਾ ਜਾਵੇ ਮਾਨ-ਸਨਮਾਨ By admin - August 23, 2025 0 5 Facebook Twitter Pinterest WhatsApp ਸੰਗਰੂਰ ਜ਼ਿਲ੍ਹੇ ਨੂੰ ਨਵਾਂ ਡਿਪਟੀ ਕਮਿਸ਼ਨਰ ਮਿਲ ਗਿਆ ਐ। ਆਈਏਐਸ ਅਧਿਕਾਰੀ ਰਾਹੁਲ ਚਾਬਾ ਨੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਐ। ਅਹੁਦਾ ਸੰਭਾਲਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀ ਚਾਬਾ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹਨ ਕਿ ਉਹਨਾਂ ਨੂੰ ਇਸ ਇਤਿਹਾਸਕ ਜ਼ਿਲ੍ਹੇ ਵਿਖੇ ਬਤੌਰ ਡਿਪਟੀ ਕਮਿਸ਼ਨਰ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ ਹੇਠਲੇ ਪੱਧਰ ਤਕ ਲਾਗੂ ਕਰਵਾਉਣ ਨੂੰ ਤਰਜੀਹ ਦੇਣਗੇ ਅਤੇ ਲੋਕਾਂ ਦੇ ਮਸਲਿਆਂ ਦਾ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ। ਉਹਨਾਂ ਦਾ ਇਹ ਯਤਨ ਰਹੇਗਾ ਕਿ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚੋਂ ਕਿਸੇ ਵੀ ਕਾਰਨ ਨਿਰਾਸ਼ ਨਾ ਪਰਤਣਾ ਪਵੇ। ਉਹਨਾਂ ਕਿਹਾ ਕਿ ਜ਼ਿਲ੍ਹੇ ਦੀਆਂ ਖੇਤੀਬਾੜੀ ਨਾਲ ਸਬੰਧਤ ਦਿੱਕਤਾਂ ਦੂਰ ਕਰਨ ਨੂੰ ਪਹਿਲ ਦੇਣ ਦੇ ਨਾਲ-ਨਾਲ ਜ਼ਿਲ੍ਹੇ ਦੀਆਂ ਸੜਕਾਂ ਤੇ ਸਾਫ਼ ਸਫ਼ਾਈ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਵੇਗਾ। ਦੱਸ ਦਈਏ ਕਿ ਸ਼੍ਰੀ ਚਾਬਾ ਨੇ ਬਤੌਰ ਪੀ.ਸੀ.ਐੱਸ. ਅਧਿਕਾਰੀ ਆਪਣੇ ਕਰੀਅਰ ਦੀ ਸ਼ੁਰੂਆਤ ਪੀ.ਜੀ.ਓ., ਹੁਸ਼ਿਆਰਪੁਰ ਵਜੋਂ ਕੀਤੀ ਸੀ, ਉਪਰੰਤ ਉਹਨਾਂ ਨੇ ਐੱਸ.ਡੀ.ਐਮ. ਬਟਾਲਾ, ਏ.ਡੀ.ਸੀ. ਬਠਿੰਡਾ, ਕਪੂਰਥਲਾ, ਹੁਸ਼ਿਆਰਪੁਰ, ਲੁਧਿਆਣਾ ਵਿਖੇ ਸੇਵਾਵਾਂ ਨਿਭਾਈਆਂ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਹਨਾਂ ਨੇ ਸੁਲਤਾਨਪੁਰ ਲੋਧੀ ਵਿਖੇ ਬਤੌਰ ਏ.ਸੀ.ਈ.ਓ., ਫੀਲਡ ਵਿਚਲੇ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਨਿਭਾਈ। ਸੰਗਰੂਰ ਵਿਖੇ ਤਬਾਦਲਾ ਹੋਣ ਤੋਂ ਪਹਿਲਾਂ ਉਹ ਬਤੌਰ ਏ.ਸੀ.ਈ.ਓ. ਇਨਵੈਸਟ ਪੰਜਾਬ ਅਤੇ ਐਮ.ਡੀ. ਪੰਜਾਬ ਇਨਫੋਟੈਕ, ਸੇਵਾਵਾਂ ਨਿਭਾਅ ਰਹੇ ਸਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪੁੱਜਣ ‘ਤੇ ਪੁਲਿਸ ਦੀ ਟੁਕੜੀ ਵੱਲੋਂ ਉਹਨਾਂ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ। ਇਸ ਮੌਕੇ ਸਾਬਕਾ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ, ਸਮੂਹ ਐੱਸ.ਡੀ.ਐਮਜ਼ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।