ਕਿਸਾਨਾਂ ਦੇ ਸ਼ੰਭੂ ਬੈਰੀਅਰ ਤੇ ਲੱਗੇ ਧਰਨੇ ਵਿਚੋਂ ਗਾਇਬ ਹੋਈਆਂ ਟਰਾਲੀਆਂ ਦੇ ਮਾਮਲੇ ਵਿਚ ਨਵਾਂ ਮੋੜ ਆਇਆ ਐ। ਧਰਨੇ ਵਿਚੋਂ ਗਾਇਬ ਹੋਈਆਂ ਟਰਾਲੀਆਂ ਦੇ ਕੁੱਝ ਹਿੱਸੇ ਨਾਭਾ ਦੇ ਲਾਹੌਰਾਂ ਗੇਟ ਵਿਖੇ ਸਥਿਤ ਵਰਕਸ਼ਾਪ ਵਿਚੋਂ ਬਰਾਮਦ ਹੋਏ ਨੇ। ਕਿਸਾਨਾਂ ਦੇ ਦੱਸਣ ਮੁਤਾਬਕ ਵਰਕਸ਼ਾਪ ਵਿਚ ਟਰਾਲੀਆਂ ਦੇ ਟਾਇਰ ਤੇ ਹੋਰ ਸਾਮਾਨ ਭਾਰੀ ਮਾਤਰਾ ਵਿਚ ਸਟੋਰ ਕੀਤਾ ਹੋਇਆ ਸੀ, ਜਿਸ ਨੂੰ ਪੁਲਿਸ ਦੀ ਹਾਜ਼ਰੀ ਵਿਚ ਬਰਾਮਦ ਕੀਤਾ ਗਿਆ ਐ। ਜਾਣਕਾਰੀ ਅਨੁਸਾਰ ਇਹ ਵਰਕਸ਼ਾਪ ਆਮ ਆਦਮੀ ਪਾਰਟੀ ਨਾਲ ਸਬੰਧਤ ਪੰਕਜ ਪੱਪੂ ਨਾਮ ਦੇ ਸਖਸ਼ ਦੀ ਐ ਜੋ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸੁਜਾਤਾ ਚਾਵਲਾ ਦਾ ਪਤੀ ਐ। ਮੌਕੇ ’ਤੇ ਇਕੱਠਾ ਹੋਏ ਵੱਡੀ ਗਿਣਤੀ ਕਿਸਾਨਾਂ ਨੇ ਸਰਕਾਰ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਬਣਦੀ ਕਾਰਵਾਈ ਦੀ ਮੰਗ ਕੀਤੀ ਐ।
ਦੱਸਣਯੋਗ ਐ ਕਿ ਕੁਝ ਮਹੀਨੇ ਪਹਿਲਾਂ ਕਿਸਾਨਾਂ ਵੱਲੋਂ ਸ਼ੰਭੂ ਬੈਰੀਅਰ ਧਰਨੇ ਵਿੱਚ ਕੁਝ ਟਰਾਲੀਆਂ ਚੋਰੀ ਹੋ ਗਈਆਂ ਸਨ। ਕਿਸਾਨ ਉਸ ਸਮੇਂ ਤੋਂ ਹੀ ਆਪਣੀਆਂ ਟਰਾਲੀਆਂ ਦੀ ਭਾਲ ਕਰ ਰਹੇ ਸਨ। ਇਸੇ ਤਹਿਤ ਕਿਸਾਨਾਂ ਨੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਉਕਤ ਵਕਰਸ਼ਾਪ ਨੂੰ ਖੁਲ੍ਹਵਾਇਆ ਗਿਆ ਤਾਂ ਅੰਦਰ ਟਰਾਲੀਆਂ ਦੇ ਟਾਇਰ ਵਗੈਰਾ ਹੋਰ ਵੱਡੀ ਗਿਣਤੀ ਵਿਚ ਸਮਾਨ ਮਿਲਿਆ ਹੈ। ਦੱਸ ਦਈਏ ਕਿ ਇਹ ਪੰਕਜ ਪੱਪੂ ਨਾਭਾ ਆਮ ਆਦਮੀ ਪਾਰਟੀ ਦੀ ਮੋਜੂਦਾ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦਾ ਪਤੀ ਹੈ। ਕਿਸਾਨਾਂ ਵਿਚ ਭਾਰੀ ਰੋਸ ਹੈ।
ਕਿਸਾਨਾਂ ਦਾ ਕਹਿਣਾ ਐ ਕਿ ਇਹ ਬਹੁਤ ਹੀ ਮਦਭਾਗਾ ਘਟਨਾ ਐ। ਕਿਸਾਨਾਂ ਨੇ ਗਿਲਾ ਜਾਹਰ ਕੀਤਾ ਕਿ ਸਾਨੂੰ ਆਮ ਆਦਮੀ ਪਾਰਟੀ ਤੋਂ ਇਹ ਉਮੀਦ ਨਹੀਂ ਸੀ। ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੇ ਇਹ ਟਰਾਲੀਆਂ ਕਾਫੀ ਮਿਹਨਤ ਤੋਂ ਬਾਦ ਬਣਾਈਆਂ ਸੀ। ਇੱਥੋਂ ਤਕ ਕਿ ਕੁੱਝ ਗਰੀਬ ਕਿਸਾਨਾਂ ਨੇ ਕਰਜ਼ੇ ਲੈ ਕੇ ਟਰਾਲੀਆਂ ਬਣਾਈਆਂ ਸੀ ਪਰ ਆਪ ਨਾਲ ਸਬੰਧਤ ਲੋਕਾਂ ਨੇ ਇਹ ਟਰਾਲੀਆਂ ਖੁਰਦ-ਬੁਰਦ ਕਰ ਕੇ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਕੀਤਾ ਐ।
ਉਹਨਾਂ ਕਿਹਾ ਕਿ ਅਸੀਂ ਸਖਤ ਸ਼ਬਦਾਂ ਵਿੱਚ ਇਸ ਦੀ ਨਿੰਦਾ ਕਰਦੇ ਹਾਂ ਅਤੇ ਪੂਰਾ ਇਨਸਾਫ ਲੈ ਕੇ ਹਟਾਂਗੇ। ਕਿਸਾਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਨਸਾਫ ਦੇਣ ਵਿਚ ਆਨਾਕਾਨੀ ਕੀਤੀ ਤਾਂ ਉਹ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਮੌਜੂਦ ਸੀ। ਇਸ ਮੌਕੇ ਨਾਭਾ ਕੋਤਵਾਲੀ ਦੇ ਐਸਐਚਓ ਸਰਬਜੀਤ ਸਿੰਘ ਚੀਮਾ ਨੇ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।