ਜਲੰਧਰ ਦੇ ਥਾਣਾ 7 ਦੀ ਪੁਲਿਸ ਨੇ ਸਥਾਨਕ ਅਰਬਨ ਅਸਟੇਟ ਫੇਜ਼ 1 ਵਿਖੇ ਸਥਿਤ ਕੋਠੀ ਨੰਬਰ 1023 ‘ਤੇ ਛਾਪਾ ਮਾਰ ਕੇ ਭਾਰੀ ਮਾਤਰਾ ਵਿਚ ਸ਼ਰਾਬ, ਇਤਰਾਜ਼ ਚੀਜ਼ਾਂ ਤੇ ਮਸ਼ਹੂਰ ਯੂਨੀਵਰਸਿਟੀਆਂ ਦੀਆਂ ਜਾਅਲੀ ਡਿਗਰੀਆਂ ਬਰਾਮਦ ਕੀਤੀਆਂ ਨੇ। ਪੁਲਿਸ ਨੇ ਇਹ ਕਾਰਵਾਈ ਇਕ ਮਹਿਲਾ ਦੀ ਸ਼ਿਕਾਇਤ ਤੇ ਕੀਤੀ ਐ, ਜਿਸ ਨੇ ਸ਼ਾਦੀ ਕਾਮ ਨਾਮ ਦੇ ਵੈਬਸਾਈਟ ਅਤੇ ਅਰੋੜਾ ਹਸਪਤਾਲ ਦੇ ਡਾਕਟਰ ਤੇ ਗੰਭੀਰ ਇਲਜਾਮ ਲਾਏ ਸਨ। ਔਰਤ ਦੇ ਦੱਸਣ ਮੁਤਾਬਕ ਇੱਥੇ ਔਰਤਾਂ ਨੂੰ ਵਿਆਹ ਦੇ ਬਹਾਨੇ ਸੱਦ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਬੱਚਿਆਂ ਨੂੰ ਬਾਹਰ ਭੇਜਣ ਸਮੇਤ ਹੋਰ ਵੀ ਕਈ ਕੰਮ ਹੁੰਦੇ ਸੀ। ਪੀੜਤਾਂ ਨੇ ਕੋਠੀ ਅੰਦਰ ਹੋਰ ਵੀ ਕਈ ਤਰ੍ਹਾਂ ਦੇ ਗਲਤ ਕੰਮ ਹੋਣ ਦੇ ਇਲਜ਼ਾਮ ਲਾਏ ਨੇ। ਪੁਲਿਸ ਨੇ ਸਾਰਾ ਸਾਮਾਨ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।
ਪੂਜਾ ਨਾਮ ਦੀ ਇਸ ਮਹਿਲਾ ਵੱਲੋਂ ਦਿੱਤੀ ਸ਼ਿਕਾਇਤ ਮੁਤਾਬਕ ਔਰਤਾਂ ਨੂੰ ਵਿਆਹ ਦੇ ਬਹਾਨੇ ਅਰਬਨ ਅਸਟੇਟ ਫੇਜ਼ 1 ਵਿੱਚ ਸਥਿਤ ਕੋਠੀ ਨੰਬਰ 1023 ‘ਤੇ ਬੁਲਾਇਆ ਜਾਂਦਾ ਹੈ। ਜਿਸ ਤੋਂ ਬਾਅਦ ਉੱਥੇ ਪਹੁੰਚਣ ‘ਤੇ ਔਰਤਾਂ ਨੂੰ 50,000 ਰੁਪਏ ਪ੍ਰਤੀ ਨੌਕਰੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਦੋਸ਼ ਹੈ ਕਿ ਉੱਥੇ ਔਰਤਾਂ ਨੂੰ ਸ਼ਰਾਬ ਪਿਲਾ ਕੇ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਰੀਰਕ ਸੰਬੰਧ ਬਣਾਉਣ ਲਈ ਕਿਹਾ ਜਾਂਦਾ ਹੈ। ਸ਼ਿਕਾਇਤਕਰਤਾ ਦਾ ਇਲਜਾਮ ਐ ਕਿ ਮੋਨਿਕਾ, ਸੂਰਜ ਅਤੇ ਜੋਤੀ ਮਿਲ ਕੇ ਡਾ. ਪੁਸ਼ਕਰ ਗੋਇਲ ਦਾ ਸਮਰਥਨ ਕਰਦੇ ਹਨ। ਉਨ੍ਹਾਂ ਨੂੰ ਇੱਕ ਕੁੜੀ ਨਾਲ ਮਿਲਾਉਣ ਬਦਲੇ 20,000 ਰੁਪਏ ਦਿਤੇ ਜਾਂਦੇ ਨੇ। ਔਰਤ ਦੇ ਦੱਸਣ ਮੁਤਾਬਕ ਉਸ ਨੇ 2 ਮਹੀਨੇ ਪਹਿਲਾਂ ਹੀ ਨੌਕਰੀ ਜੁਆਇਨ ਕੀਤੀ ਸੀ ਅਤੇ ਉਸਨੂੰ 10 ਦਿਨਾਂ ਦੇ ਅੰਦਰ ਰਹੀ ਸਾਰਾ ਕੁੱਝ ਪਤਾ ਚੱਲ ਗਿਆ ਸੀ। ਉਸ ਦੀ ਤਨਖਾਹ ਰੋਕ ਦਿੱਤੀ ਗਈ ਸੀ, ਜਿਸ ਦੇ ਚਲਦਿਆਂ ਉਹ ਚੁੱਪ ਰਹੀ ਸੀ।
ਔਰਤ ਨੇ ਕਿਹਾ ਕਿ ਉਸਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾਂਦਾ ਸੀ। ਦੋਸ਼ ਹੈ ਕਿ ਮੁੰਡਿਆਂ ਦੀ ਬਜਾਏ ਕੁੜੀਆਂ ਨੂੰ ਰਾਤ 8 ਵਜੇ ਤੱਕ ਲਾਈਵ ਲੋਕੇਸ਼ਨ ‘ਤੇ ਰਹਿਣ ਲਈ ਕਿਹਾ ਜਾਂਦਾ ਹੈ। ਔਰਤ ਨੇ ਕਿਹਾ ਕਿ ਡਿਊਟੀ ਸਮੇਂ ਦੌਰਾਨ ਕੁੜੀਆਂ ਦੀ ਲਾਈਵ ਲੋਕੇਸ਼ਨ ਲਈ ਜਾ ਸਕਦੀ ਹੈ। ਔਰਤ ਨੇ ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕੀਤਾ ਹੈ, ਅਤੇ ਦਫਤਰ ਵਿੱਚ ਹੋ ਰਹੀਆਂ ਪਾਰਟੀਆਂ ਦੀਆਂ ਵੀਡੀਓ ਵੀ ਪੁਲਿਸ ਨੂੰ ਦਿੱਤੀਆਂ ਗਈਆਂ ਹਨ। ਔਰਤ ਨੇ ਦੱਸਿਆ ਕਿ ਇਸ ਬੰਗਲੇ ਵਿੱਚ ਜਾਅਲੀ ਡਿਗਰੀਆਂ ਤਿਆਰ ਕੀਤੀਆਂ ਜਾਂਦੀਆਂ ਹਨ, ਜੋ ਕਿ 2.5 ਤੋਂ 3 ਲੱਖ ਵਿੱਚ ਵੇਚੀਆਂ ਜਾਂਦੀਆਂ ਹਨ। ਇਸ ਡਿਗਰੀ ਰਾਹੀਂ ਬੱਚਿਆਂ ਨੂੰ ਵਿਦੇਸ਼ ਭੇਜਿਆ ਜਾਂਦਾ ਹੈ। ਔਰਤ ਨੇ ਕਿਹਾ ਕਿ ਦਫਤਰ ਵਿੱਚ ਮੈਡੀਕਲ ਵਿਭਾਗ ਸੰਬੰਧੀ ਬੋਰਡ ਲਗਾਏ ਜਾਂਦੇ ਹਨ, ਜੋ ਦਫਤਰ ਦੇ ਅੰਦਰ ਹੀ ਲਗਾਏ ਗਏ ਸਨ। ਔਰਤ ਨੇ ਪ੍ਰਸ਼ਾਸਨ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਐਂਟੀ ਕਰੱਪਸ਼ਨ ਫਾਊਂਡੇਸ਼ਨ ਇੰਡੀਆ ਦੇ ਇੰਚਾਰਜ ਰਾਜੇਸ਼ ਵਰਮਾ ਨੇ ਕਿਹਾ ਕਿ ਔਰਤ ਦੀ ਸ਼ਿਕਾਇਤ ਅਤੇ ਦਿੱਤੇ ਗਏ ਸਬੂਤਾਂ ਦੇ ਆਧਾਰ ‘ਤੇ ਉਹ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਹਨ।
ਦਫ਼ਤਰ ਵਿੱਚ ਮਾਰੇ ਗਏ ਛਾਪੇ ਦੌਰਾਨ ਵੱਡੀ ਮਾਤਰਾ ਵਿੱਚ ਜਾਅਲੀ ਡਿਗਰੀਆਂ ਅਤੇ ਮੋਹਰਾਂ ਬਰਾਮਦ ਹੋਈਆਂ। ਇਸ ਦੌਰਾਨ ਦਫ਼ਤਰ ਵਿੱਚੋਂ ਇਤਰਾਜ਼ਯੋਗ ਚੀਜ਼ਾਂ, ਸ਼ਰਾਬ ਦੇ 3 ਡੱਬੇ ਅਤੇ ਹੋਰ ਸਾਮਾਨ ਬਰਾਮਦ ਹੋਇਆ। ਰਾਜੇਸ਼ ਨੇ ਦੱਸਿਆ ਕਿ ਦਫ਼ਤਰ ਨੂੰ ਬਦਕਾਰੀ ਦਾ ਅੱਡਾ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦਾ ਪਤਾ ਸਿਰਫ਼ 2 ਦਿਨ ਪਹਿਲਾਂ ਹੀ ਲੱਗਿਆ ਸੀ। ਉਨ੍ਹਾਂ ਕਿਹਾ ਕਿ ਤਲਾਕਸ਼ੁਦਾ ਔਰਤਾਂ ਦਫ਼ਤਰ ਵਿੱਚ ਨੌਕਰੀ ਕਰਦੀਆਂ ਹਨ। ਦਫ਼ਤਰ ਵਿੱਚੋਂ ਜਾਅਲੀ ਯੂਨੀਵਰਸਿਟੀ ਡਿਗਰੀਆਂ ਬਰਾਮਦ ਹੋਈਆਂ ਹਨ। ਦਫ਼ਤਰ ਵਿੱਚ ਚੱਲ ਰਹੀ ਪਾਰਟੀ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਸ਼ਰਾਬ ਪੀਤੀ ਜਾ ਰਹੀ ਹੈ। ਹੋਰ ਵੀਡੀਓਜ਼ ਵਿੱਚ ਔਰਤ ਸਿਗਰਟ ਪੀਂਦੀ ਦਿਖਾਈ ਦੇ ਰਹੀ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਐਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੂਜਾ ਨੇ ਉਨ੍ਹਾਂ ਨੂੰ ਪੁਸ਼ਕਰ ਗੋਇਲ ਨਾਮਕ ਵਿਅਕਤੀ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ। ਜਿਸ ਤੋਂ ਬਾਅਦ ਉਕਤ ਦਫ਼ਤਰ ਵਿੱਚ ਛਾਪਾ ਮਾਰਿਆ ਗਿਆ, ਜਿੱਥੇ ਮੌਕੇ ‘ਤੇ ਦਫ਼ਤਰ ਵਿੱਚੋਂ 16 ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ। ਇਸ ਦੌਰਾਨ ਕੁਝ ਦਸਤਾਵੇਜ਼ ਅਤੇ ਮੋਹਰ ਬਰਾਮਦ ਹੋਈਆਂ। ਜਾਣਕਾਰੀ ਮਿਲੀ ਕਿ ਪੁਸ਼ਕਰ ਗੋਇਲ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਬੱਚਿਆਂ ਨੂੰ ਵਿਦੇਸ਼ ਭੇਜਦਾ ਹੈ। ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।