ਮੋਗਾ ਦੇ ਪਿੰਡ ਚੁੱਗਾ ਖੁਰਦ ਦੀ ਸਰਪੰਚ ਕੁਲਦੀਪ ਕੌਰ ਨੂੰ ਵਿਭਾਗ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਕੁਲਦੀਪ ਕੌਰ ਖਿਲਾਫ ਇਹ ਕਾਰਵਾਈ ਸਰਪੰਚੀ ਦੀ ਚੋਣ ਵੇਲੇ ਝੂਠੇ ਦਸਤਾਵੇਜ਼ ਪੇਸ਼ ਕਰਨ ਦੇ ਇਲਜਾਮਾਂ ਹੇਠ ਕੀਤੀ ਗਈ ਐ। ਉਸ ਤੇ ਇਲਜਾਮ ਐ ਕਿ ਉਸ ਨੇ ਵਿਦੇਸ਼ ਵਿੱਚ ਬੈਠ ਕੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਚੋਣ ਲੜੀ ਸੀ, ਜਿਸ ਦੇ ਚਲਦਿਆਂ ਅਪ੍ਰੈਲ ਵਿੱਚ ਉਸ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਹ ਕੇਸ ਸਰਪੰਚ ਦੀ ਚੋਣ ਲੜਣ ਵਾਲੀ ਜਸਵਿੰਦਰ ਕੌਰ ਦੇ ਪਤੀ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਸਰਪੰਚ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ ਅਤੇ ਹੁਣ ਉਸਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਸਰਪੰਚੀ ਚੋਣਾਂ ਦੌਰਾਨ ਕੁਲਦੀਪ ਕੌਰ ਵੱਲੋਂ ਜਾਅਲੀ ਦਸਤਖ਼ਤ ਕਰਕੇ ਵਿਦੇਸ਼ ਬੈਠਿਆਂ ਹੀ ਸਰਪੰਚੀ ਦੀ ਜਾਅਲੀ ਫਾਈਲ ਤਿਆਰ ਕੀਤੀ ਗਈ ਸੀ। ਨਵੰਬਰ 2024 ਵਿਚ ਕੁਲਦੀਪ ਕੌਰ ਦੇ ਉਲਟ ਸਰਪੰਚੀ ਦੀ ਉਮੀਦਵਾਰ ਜਸਵਿੰਦਰ ਕੌਰ ਦੇ ਪਤੀ ਪਰਮਪਾਲ ਸਿੰਘ ਵੱਲੋਂ ਇਸ ਸਬੰਧੀ ਮਾਨਯੋਗ ਐੱਸ.ਐੱਸ.ਪੀ. ਮੋਗਾ ਨੂੰ ਦਰਖ਼ਾਸਤ ਦਿੱਤੀ ਗਈ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਸਰਪੰਚ ਕੁਲਦੀਪ ਕੌਰ ਸਮੇਤ ਛੇ ਲੋਕਾਂ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ। ਉਸ ਤੋਂ ਬਾਅਦ ਪੜਤਾਲ ਕਰਦੇ ਹੋਏ ਜ਼ਿਲ੍ਹਾ ਪੰਚਾਇਤ ਵਿਭਾਗ ਵੱਲੋਂ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਲਿਖ ਕੇ ਭੇਜਿਆ ਗਿਆ ਅਤੇ ਪੜਤਾਲ ਕਰਨ ਤੋਂ ਬਾਅਦ ਅੱਜ ਚੁੱਘਾ ਖੁਰਦ ਦੀ ਸਰਪੰਚ ਕੁਲਦੀਪ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਬੰਧਤ ਅਧਿਕਾਰੀਆਂ ਵੱਲੋਂ ਅਗਲੀ ਪੜਤਾਲ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਡੀਪੀਓ ਰਜਨੀਸ਼ ਗਰਗ ਨੇ ਕਿਹਾ ਕਿ ਕੁਲਦੀਪ ਕੌਰ ਵਿਰੁੱਧ ਸ਼ਿਕਾਇਤ ਦਰਜ ਕੀਤੀ ਗਈ ਸੀ, ਜਿਸਦੀ ਜਾਂਚ ਡਾਇਰੈਕਟਰ ਵੱਲੋਂ ਕੀਤੀ ਗਈ ਸੀ ਅਤੇ ਸਾਨੂੰ ਇਸ ਦੇ ਹੁਕਮ ਮਿਲੇ ਸਨ, ਜਿਸ ਤੋਂ ਬਾਅਦ ਉਸਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਪੁਲਿਸ ਵਿਭਾਗ ਅਗਲੇਰੀ ਕਾਰਵਾਈ ਕਰ ਰਿਹਾ ਹੈ।