ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਕ੍ਰਿਕਟਰ ਹਰਭਜਨ ਸਿੰਘ; ਗੀਤਾ ਬਸਰਾ ਤੇ ਰਾਜ ਕੁੰਦਰਾ ਦੀ ਫ਼ਿਲਮ ਮਿਹਰ ਲਈ ਕੀਤੀ ਅਰਦਾਸ; ਕਿਹਾ, ਵਾਹਿਗੁਰੂ ਮਿਹਰ ਕਰਨ, ਪੰਜਾਬੀ ਲੋਕਾਂ ਨੂੰ ਪਸੰਦ ਆਵੇਗੀ ਫ਼ਿਲਮ

0
4

 

ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਆਪਣੀ ਪਤਨੀ ਅਤੇ ਅਭਿਨੇਤਰੀ ਗੀਤਾ ਬਸਰਾ ਤੇ ਫ਼ਿਲਮ ਨਿਰਦੇਸ਼ਕ ਰਾਜ ਕੁੰਦਰਾ ਦੇ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ। ਇਸ ਮੌਕੇ ਉਹਨਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਗੀਤਾ ਬਸਰਾ ਅਤੇ ਰਾਜ ਕੁੰਦਰਾ ਦੀ ਆਉਣ ਵਾਲੀ ਫ਼ਿਲਮ ਮਿਹਰ ਦੇ ਸੰਬੰਧ ਵਿੱਚ ਹਰਭਜਨ ਨੇ ਕਿਹਾ ਕਿ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਲਈ ਇੱਕ ਸੋਹਣਾ ਤੋਹਫ਼ਾ ਹੈ। ਉਹਨਾਂ ਉਮੀਦ ਜਤਾਈ ਕਿ ਵਾਹਿਗੁਰੂ ਦੀ ਮਿਹਰ ਨਾਲ ਇਹ ਫ਼ਿਲਮ ਹਿੱਟ ਹੋਵੇਗੀ ਅਤੇ ਪੰਜਾਬੀ ਲੋਕਾਂ ਨੂੰ ਬਹੁਤ ਪਸੰਦ ਆਵੇਗੀ।
ਹਰਭਜਨ ਨੇ ਕਿਹਾ, “ਇਸ ਫ਼ਿਲਮ ਦੀ ਕਹਾਣੀ ਸਿਰਫ਼ ਮਨੋਰੰਜਨ ਹੀ ਨਹੀਂ ਕਰੇਗੀ, ਸਗੋਂ ਲੋਕਾਂ ਨੂੰ ਪ੍ਰੇਰਿਤ ਵੀ ਕਰੇਗੀ।” ਕ੍ਰਿਕਟ ਨਾਲ ਜੁੜੇ ਸਵਾਲਾਂ ਦਾ ਜਵਾਬ ਦਿੰਦਿਆਂ ਹਰਭਜਨ ਸਿੰਘ ਨੇ ਪਾਕਿਸਤਾਨ ਨਾਲ ਮੈਚ ਖੇਡਣ ਦੇ ਮਸਲੇ ‘ਤੇ ਆਪਣੀ ਰਾਏ ਰੱਖੀ। ਉਹਨਾਂ ਕਿਹਾ ਕਿ ਉਹਨਾਂ ਦਾ ਨਿੱਜੀ ਫੈਸਲਾ ਇਹ ਸੀ ਕਿ ਹਾਲਾਤ ਠੀਕ ਨਾ ਹੋਣ ਤੱਕ ਪਾਕਿਸਤਾਨ ਨਾਲ ਖੇਡਣਾ ਠੀਕ ਨਹੀਂ। ਉਹਨਾਂ ਸਪਸ਼ਟ ਕੀਤਾ ਕਿ ਇਹ ਉਹਨਾਂ ਦੀ ਨਿੱਜੀ ਸੋਚ ਹੈ, ਪਰ ਆਖ਼ਰੀ ਫੈਸਲਾ ਬੀਸੀਸੀਆਈ ਅਤੇ ਸਰਕਾਰ ਦਾ ਹੁੰਦਾ ਹੈ।
ਭੱਜੀ ਨੇ ਕਿਹਾ ਕਿ ਇੱਕ ਪਾਸੇ ਸਾਡੇ ਜਵਾਨ ਸਰਹੱਦ ‘ਤੇ ਸ਼ਹਾਦਤਾਂ ਦੇ ਰਹੇ ਹਨ ਅਤੇ ਦੂਜੇ ਪਾਸੇ ਅਸੀਂ ਖੇਡਾਂ ਰਾਹੀਂ ਪਾਕਿਸਤਾਨ ਨਾਲ ਰਿਸ਼ਤੇ ਬਣਾ ਲਈਏ, ਇਹ ਸਹੀ ਨਹੀਂ। ਜਦ ਤੱਕ ਹਾਲਾਤ ਨਾਰਮਲ ਨਹੀਂ ਹੁੰਦੇ, ਮੈਨੂੰ ਨਹੀਂ ਲੱਗਦਾ ਕਿ ਇਹ ਠੀਕ ਹੈ। ਹਰਿਮੰਦਰ ਸਾਹਿਬ ਦੀ ਯਾਤਰਾ ਦੌਰਾਨ ਹਰਭਜਨ ਸਿੰਘ ਨੇ ਕਿਹਾ ਕਿ ਉਹ ਖੁਦ ਨੂੰ ਖੁਸ਼ਕਿਸਮਤ ਮਾਨਦੇ ਹਨ ਜੋ ਉਹਨਾਂ ਨੂੰ ਗੁਰੂਘਰ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲਿਆ। ਇਸ ਮੌਕੇ ਪੇਂਟਿੰਗ ਆਰਟਿਸਟ ਜਗਜੋਤ ਸਿੰਘ ਰੂਬਲ ਵਲੋ ਕ੍ਰਿਕਟਰ ਹਰਭਜਨ ਸਿੰਘ ਅਤੇ ਉਹਨਾਂ ਦੀ ਪਤਨੀ ਗੀਤਾ ਬਸਰਾ ਦੀ ਫੋਟੋ ਵੀ ਭੇਂਟ ਕੀਤੀ ਗਈ।

LEAVE A REPLY

Please enter your comment!
Please enter your name here