ਹੜ੍ਹ ਪੀੜਤ ਕਿਸਾਨਾਂ ਦੇ ਹੱਕ ’ਚ ਨਿਤਰੇ ਸੰਤ ਸੀਚੇਵਾਲ; ਕਿਸ਼ਤਾਂ ਅੱਗੇ ਪਾਉਣ ਲਈ ਪ੍ਰਧਾਨ ਮੰਤਰੀ ਵੱਲ ਪੱਤਰ; ਖਰਾਬ ਫਸਲਾਂ ਦਾ ਮੁਆਵਜਾ ਦੇਣ ਦੀ ਕੀਤੀ ਮੰਗ

0
18

ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਰਜ਼ਾ ਦੀਆਂ ਕਿਸ਼ਤਾਂ ਤੋਂ ਰਾਹਤ ਦੇਣ ਲਈ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵੱਲ ਪੱਤਰ ਲਿਖਿਆ ਐ। ਸੰਤ ਸੀਚੇਵਾਲ ਦਾ ਕਹਿਣਾ ਐ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਦੇ ਚਲਦਿਆਂ ਕਿਸਾਨ ਕਰਜੇ ਦੀਆਂ ਕਿਸ਼ਤਾਂ ਭਰਨ ਤੋਂ ਅਸਮਰੱਥ ਨੇ, ਜਿਸ ਕਾਰਨ ਕਿਸਾਨੀ ਕਰਜਿਆਂ ਦੀਆਂ ਕਿਸ਼ਤਾਂ ਅੱਗੇ ਪਾਈਆਂ ਜਾਣ।
ਰਾਜ ਸਭਾ ਮੈਂਬਰ ‘ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਕੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਪੁਰਜ਼ੋਰ ਮੰਗ ਕੀਤੀ ਹੈ। ਉਨ੍ਹਾਂ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਮੰਡ ਇਲਾਕੇ ਦੇ ਕਿਸਾਨਾਂ ਨਾਲ ਹਰ ਦੂਜੇ ਜਾਂ ਫਿਰ ਤੀਜੇ ਸਾਲ ਅਜਿਹਾ ਭਾਣਾ ਵਾਪਰਦਾ ਹੈ, ਜਿਸ ਨਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਜਾਂਦੀਆਂ ਹਨ।
ਉਨ੍ਹਾਂ ਮੰਗ ਕੀਤੀ ਕਿ ਪੀੜਤ ਕਿਸਾਨਾਂ ਵੱਲੋਂ ਜਿਹੜਾ ਕਰਜ਼ਾ ਬੈਂਕਾਂ ਤੋਂ ਲਿਆ ਗਿਆ ਹੈ, ਉਨ੍ਹਾਂ ਦੀਆਂ ਕਿਸ਼ਤਾਂ ਮੁਲਤਵੀ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜਦੋਂ ਫਸਲਾਂ ਹੀ ਬਰਬਾਦ ਹੋ ਗਈਆਂ ਹਨ ਤਾਂ ਕਿਸਾਨ ਵਿਚਾਰੇ ਕਰਜ਼ੇ ਦੀਆਂ ਕਿਸ਼ਤਾਂ ਕਿਵੇਂ ਮੋੜਨਗੇ। ਸੰਤ ਸੀਚੇਵਾਲ ਨੇ ਸਰਕਾਰ ਤੋਂ ਇਹ ਮੰਗ ਵੀ ਕੀਤੀ ਕਿ ਪੀੜਤ ਕਿਸਾਨਾਂ ਦੇ ਖੇਤਾਂ ਦੀ ਵਿਸ਼ੇਸ਼ ਗਿਰਦਵਾਰੀਆਂ ਕਰਵਾਈਆਂ ਜਾਣ ਤਾਂ ਜੋ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਸਕੇ।
ਸੰਤ ਸੀਚੇਵਾਲ ਨੇ ਅੱਜ ਸਵੇਰੇ 8 ਵਜੇ ਹੀ ਬਾਊਪੁਰ ਜਾ ਕੇ ਬਿਆਸ ਦਰਿਆ ‘ਤੇ ਚੱਲ ਰਹੇ ਰਾਹਤ ਕਾਰਜਾਂ ਦਾ ਜ਼ਾਇਜਾ ਲਿਆ। ਉਨ੍ਹਾਂ ਦੱਸਿਆ ਕਿ ਬਿਆਸ ਦਰਿਆ ਅੰਦਰ ਲੱਗੇ ਐਡਵਾਂਸ ਬੰਨ੍ਹਾਂ ਨੂੰ ਤਿੰਨ ਥਾਵਾਂ ਕਰਮੂਵਾਲ ਪੱਤਣ, ਬਾਊਪੁਰ ਅਤੇ ਆਹਲੀ ਕਲਾਂ ਤੋਂ ਢਾਹ ਲੱਗ ਰਹੀ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਇਨ੍ਹਾਂ ਐਡਵਾਸ ਬੰਨ੍ਹਾਂ ਨੂੰ ਟੁੱਟਣ ਤੋਂ ਬਚਾਉਣ ਲਈ ਕਿਸਾਨ ਦਿਨ ਰਾਤ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।
ਗੱਲਬਾਤ ਦੌਰਾਨ ਸੰਤ ਸੀਚੇਵਾਲ ਨੇ ਕਿ ਪੰਜਾਬ ਦੇ ਕਪੂਰਥਲਾ ਅਤੇ ਤਰਨ-ਤਾਰਨ ਜਿਲ੍ਹਿਆਂ ਦੇ ਮੰਡ ਇਲਾਕੇ ਵਿੱਚ ਹੜ੍ਹ ਨਾਲ ਕਿਸਾਨਾਂ ਦੀਆਂ ਬਰਬਾਦ ਹੋਈਆਂ ਫਸਲਾਂ ਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਦੱਸਿਆ ਕਿ ਮੰਡ ਇਲਾਕਾ ਜੋ ਬਿਆਸ ਦਰਿਆ ਦੇ ਐਨ ਵਿਚਕਾਰ ਟਾਪੂਨੁਮਾ ਹੈ, ਉਸ ਵਿੱਚ 16 ਦੇ ਕਰੀਬ ਪਿੰਡ ਹਨ ਜੋ ਇਸ ਵੇਲੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹਨ। ਪਿਛਲੇ ਕਈ ਦਿਨਾਂ ਤੋਂ ਹਿਮਾਚਲ ਅਤੇ ਪੰਜਾਬ ਵਿੱਚ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਇਹ ਸਥਿਤੀ ਕਾਫ਼ੀ ਵਿਗੜ ਦੀ ਜਾ ਰਹੀ ਹੈ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਪੱਤਰ ਰਾਹੀ ਮੰਗ ਕੀਤੀ ਕਿ ਕਿ ਪੰਜਾਬ ਸਮੇਤ ਦੇਸ਼ ਦੇ ਹਰ ਉਸ ਕਿਸਾਨ ਦੀ ਬਾਂਹ ਫੜੀ ਜਾਵੇ ਜਿਸ ਦੀਆਂ ਫਸਲਾਂ ਇਸ ਹੜ੍ਹ ਕਾਰਨ ਤਬਾਹ ਹੋਈਆਂ ਹਨ।

 

LEAVE A REPLY

Please enter your comment!
Please enter your name here