ਫਿਰੋਜ਼ਪੁਰ ਦੇ ਪਿੰਡ ਨਵਾਂ ਬਾਰੇ ਕੇ ਵਿਚ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੇ ਇਕ ਘਰ ਤੇ ਕੁੱਝ ਲੋਕਾਂ ਨੇ ਹਮਲਾ ਕਰ ਦਿੱਤਾ। ਹਮਲੇ ਦੇ ਇਲਜਾਮ ਲੜਕੀ ਦੇ ਪਰਿਵਾਰ ਦੇ ਲੱਗੇ ਨੇ। ਪੀੜਤ ਧਿਰ ਦਾ ਕਹਿਣਾ ਐ ਕਿ ਉਨ੍ਹਾਂ ਦੇ ਮੁੰਡੇ ਨੇ ਪ੍ਰੇਮ ਵਿਆਹ ਕਰਵਾਇਆ ਸੀ, ਜਿਸ ਦੇ ਚਲਦਿਆਂ ਇਹ ਹਮਲਾ ਕੀਤਾ ਗਿਆ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੇ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਲੜਕਾ ਕਿਸੇ ਹੋਰ ਬਰਾਦਰੀ ਦੀ ਪਿੰਡ ਵਿੱਚ ਹੀ ਰਹਿੰਦੀ ਲੜਕੀ ਨੂੰ ਘਰੋਂ ਭਜਾ ਕੇ ਲੈ ਗਿਆ ਸੀ ਜਿਸਤੋਂ ਬਾਅਦ ਲੜਕੀ ਦੇ ਪਰਿਵਾਰ ਨੇ ਕਿਹਾ ਕਿ ਉਹ ਕਿਸੇ ਹੋਰ ਜਾਤ ਵਿੱਚ ਆਪਣੀ ਲੜਕੀ ਦਾ ਵਿਆਹ ਨਹੀਂ ਕਰ ਸਕਦੇ। ਇਸ ਲਈ ਉਨ੍ਹਾਂ ਦੀ ਲੜਕੀ ਉਨ੍ਹਾਂ ਨੂੰ ਵਾਪਿਸ ਦਿੱਤੀ ਜਾਵੇ ਜਿਸ ਤੋਂ ਬਾਅਦ ਇਹ ਮਾਮਲਾ ਪਿੰਡ ਦੀ ਪੰਚਾਇਤ ਕੋਲ ਪਹੁੰਚਿਆਂ ਅਤੇ ਪੰਚਾਇਤ ਨੇ ਦੋਨਾਂ ਪਰਿਵਾਰਾਂ ਦੇ ਖਿਲਾਫ਼ ਇੱਕ ਮਤਾ ਪਾਇਆ ਕਿ ਅਗਰ ਲੜਕੀ ਪਹਿਲ ਕਰੇਗੀ ਤਾਂ ਲੜਕੀ ਦੇ ਪਰਿਵਾਰ ਨੂੰ ਪਿੰਡ ਛੱਡ ਕੇ ਜਾਣਾ ਪਵੇਗਾ ਅਤੇ ਅਗਰ ਲੜਕਾ ਕਰੇਗਾ ਤਾਂ ਲੜਕੇ ਦੇ ਪਰਿਵਾਰ ਨੂੰ ਜਾਣਾ ਪਵੇਗਾ ਅਤੇ ਪੰਚਾਇਤ ਆਪਣੇ ਵੱਲੋਂ ਉਸਦੇ ਖਿਲਾਫ ਕਾਰਵਾਈ ਵੀ ਕਰਵਾਏਗੀ।
ਇਸਦੇ ਬਾਵਜੂਦ ਵੀ ਲੜਕੀ ਦੇ ਪਰਿਵਾਰ ਨੇ ਕੁੱਝ ਗੁੰਡੇ ਬੁਲਾ ਕੇ ਪਹਿਲਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਘਰ ਅੰਦਰ ਦਾਖਲ ਹੋ ਪੂਰੇ ਘਰ ਅੰਦਰ ਭੰਨਤੋੜ ਕੀਤੀ ਗਈ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ ਗੁੰਡਾਗਰਦੀ ਕਰਨ ਵਾਲੇ ਲੋਕਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਦੱਸ ਦਈਏ ਕਿ ਜਿਥੇ ਇਹ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਉਥੋਂ ਥੋੜ੍ਹੀ ਦੂਰੀ ਤੇ ਪੁਲਿਸ ਚੌਂਕੀ ਵੀ ਮੌਜੂਦ ਹੈ। ਸ਼ਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਹੁੰਦਾ ਰਿਹਾ ਅਤੇ ਪੁਲਿਸ ਹੱਥ ਤੇ ਹੱਥ ਧਰ ਬੈਠੀ ਰਹੀ। ਇਸ ਪੂਰੇ ਮਾਮਲੇ ਵਿੱਚ ਜਦ ਉਥੇ ਮੀਡੀਆ ਪਹੁੰਚਿਆ ਤਾਂ ਫੇਰ ਉਥੇ ਪੁਲਿਸ ਪਹੁੰਚੀ ਗੱਲਬਾਤ ਦੌਰਾਨ ਚੌਂਕੀ ਇੰਚਾਰਜ਼ ਸੁਖਬੀਰ ਸਿੰਘ ਨੇ ਕਿਹਾ ਕਿ ਉਹ ਮੌਕੇ ਤੇ ਪਹੁੰਚੇ ਹਨ, ਜਿਥੇ ਭੰਨਤੋੜ ਕੀਤੀ ਗਈ ਹੈ। ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।