ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਚਮਕੌਰ ਸਾਹਿਬ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਐ। ਮੁੱਖ ਮੰਤਰੀ ਮਾਨ ਨੇ ਅੱਜ ਇੱਥੇ ਬਣੇ ਨਵੇਂ ਸਬ ਡਵੀਜ਼ਨਲ ਹਸਪਤਾਲ ਨੂੰ ਲੋਕ ਅਰਪਨ ਕਰ ਦਿੱਤਾ ਐ। ਇਸ ਮੌਕੇ ਮੁੱਖ ਮੰਤਰੀ ਸਥਾਨਕ ਖੇਡ ਸਟੇਡੀਅਮ ਵਿਖ ਵੀ ਗਏ ਜਿੱਥੇ ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ। ਇਸ ਦੌਰਾਨ ਮੁੱਖ ਮੰਤਰੀ ਮਾਨ ਵੱਲੋਂ ਸਟੀਮ ਲੈਬ ਬੱਸ ਨੂੰ ਵੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।
ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚਮਕੌਰ ਸਾਹਿਬ ਕੁਰਬਾਨੀਆਂ ਦੀ ਧਰਤੀ ਹੈ। ਚਮਕੌਰ ਸਾਹਿਬ ਵਿਚ ਮੰਗ ਪੱਤਰ ਨਹੀਂ ਹੱਕ ਪੱਤਰ ਦਿਓ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਧਰਤੀ ‘ਤੇ ਜਿੱਥੇ ਇੰਨੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਹਨ ਅਤੇ ਇਥੋਂ ਦੇ ਵਿਧਾਇਕ ਸਾਹਿਬ ਮੈਨੂੰ ਮੰਗ ਪੱਤਰ ਦੇ ਰਹੇ ਹਨ ਪਰ ਇਥੇ ਕਿ ਮੰਗ ਪੱਤਰ ਦੇਣਾ ਚਾਹੀਦਾ ਹੈ? ਉਨ੍ਹਾਂ ਨੇ ਕਿਹਾ ਕਿ ਇਥੇ ਮੰਗ ਪੱਤਰ ਨਹੀਂ ਸਗੋਂ ਹੱਕ ਪੱਤਰ ਦੇਣਾ ਚਾਹੀਦਾ ਹੈ। ਇਹ ਇਥੇ ਦੀ ਧਰਤੀ ਦਾ ਹੱਕ ਹੈ। ਉਨ੍ਹਾਂ ਨੇ ਕਿਹਾ ਕਿ ਅੱਗੇ ਤੋਂ ਤੁਸੀਂ ਮੰਗ ਪੱਤਰ ਨਹੀਂ, ਸਗੋਂ ਇਸ ਨੂੰ ਹੱਕ ਪੱਤਰ ਕਹੋਗੇ। ਇਹ ਤੁਹਾਡਾ ਹੱਕ ਹੈ।
ਵਿਰੋਧੀਆਂ ‘ਤੇ ਨਿਸ਼ਾਨਾ ਲਾਉਂਦੇ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਲੋਕਾਂ ਦੇ ਘਰ ਤੱਕ ਉਜਾੜ ਦਿੱਤੇ ਹਨ। ਵਿਰੋਧੀਆਂ ਨੇ ਲੋਕਾਂ ਦੇ ਘਰਾਂ ਵਿਚ ਸੱਥਰ ਵਿਛਾਏ। ਉਨ੍ਹਾਂ ਕਿਹਾ ਕਿ ਜਨਤਾ ਦੇ ਬਿਨਾਂ ਦੇਸ਼ ਨਹੀਂ ਚੱਲ ਸਕਦਾ। ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਸਾਰੇ ਵਿਰੋਧੀਆਂ ਨੂੰ ਹਰਾਇਆ ਹੈ। ਲੋਕਾਂ ਨੇ ਵਿਰੋਧੀਆਂ ਤੋਂ ਤੰਗ ਆ ਕੇ ਸਾਨੂੰ ਚੁਣਿਆ।
ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚ ਬਿਨਾਂ ਸਿਫ਼ਾਰਿਸ਼ ਤੋਂ 55 ਹਜ਼ਾਰ ਤੋਂ ਵਧ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਵਿਰੋਧੀਆਂ ਦੀਆਂ ਕਰਤੂਤਾਂ ਠੀਕ ਨਿਕਲਦੀਆਂ ਤਾਂ ਕੀ ਲੋੜ ਸੀ ਪੰਜਾਬ ਵਿਚ ਆਉਣ ਦੀ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਸਾਨੂੰ ਵਿਧਾਨ ਸਭਾ ‘ਚ ਪੁੱਛਦੀਆਂ ਹਨ ਕਿ ਤੁਸੀਂ ਕਿੱਥੋਂ ਆ ਗਏ ਅਤੇ ਅਸੀਂ ਕਹਿੰਦੇ ਹਾਂ ਕਿ ਅੱਕੇ ਹੋਏ, ਦੁਖ਼ੀ ਹੋਏ ਅਸੀਂ ਆਏ ਹਾਂ। ਜੇਕਰ ਤੁਸੀਂ ਚੰਗੇ ਹੁੰਦੇ ਤਾਂ ਸਾਨੂੰ ਸਰਕਾਰ ‘ਚ ਆਉਣ ਦੀ ਲੋੜ ਨਹੀਂ ਸੀ। ਸੱਚੀ ਨੀਅਤ ਨਾਲ ਕੰਮ ਕਰਨਾ ਚਾਹੀਦਾ ਹੈ।
ਦੋ ਧੜਿਆਂ ਵਿਚ ਵੰਡੀ ਅਕਾਲੀ ਦਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਦੇ ਤਾਂ ਦੋ-ਤਿੰਨ ਟੋਟੇ ਹੋ ਚੁੱਕੇ ਹਨ। ਹੁਣ ਮੈਂ ਅਕਾਲੀ ਦਲ ਨੂੰ ਕਿਹੜਾ ਧੜਾ ਕਹਾਂ, ਮੈਨੂੰ ਤਾਂ ਇਹੀ ਪਤਾ ਨਹੀਂ ਲੱਗ ਰਿਹਾ। ਪੰਜਾਬ ਵਿਚ ਸਾਰੀ ਲੁੱਟ ਅਕਾਲੀਆਂ ਨੇ ਕੀਤੀ ਹੈ। ਲੋਕਾਂ ਨੇ ਬੜੀ ਮੁਸ਼ਕਿਲ ਨਾਲ ਅਕਾਲੀ ਦਲ ਤੋਂ ਖਹਿੜਾ ਛੁਡਵਾਇਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੀ ਲੜਾਈ ਹਮੇਸ਼ਾ ਕੁਰਸੀਆਂ ਦੀ ਰਹੀ ਹੈ ਜਦਕਿ ਸਾਡੀ ਲੜਾਈ ਆਮ ਜ਼ਿੰਦਗੀ ਦੇ ਲੋਕਾਂ ਦੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੌਰਾਨ ਇਕੱਠ ‘ਚ ਵੱਡੀ ਮਾਤਰਾ ‘ਚ ਪਹੁੰਚੀਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਇਥੇ ਉਦਘਾਟਨ ਸਮਾਰੋਹ ‘ਚ ਵੱਡੀ ਗਿਣਤੀ ‘ਚ ਮਹਿਲਾਵਾਂ ਆਈਆਂ ਹਨ। ਮਹਿਲਾਵਾਂ ਨੂੰ ਇਸ ਤਰ੍ਹਾਂ ਦੇ ਸਮਾਰੋਹਾਂ ‘ਚ ਆਉਣਾ ਚਾਹੀਦਾ ਹੈ ਅਤੇ ਸੁਣਨਾ ਚਾਹੀਦਾ ਹੈ ਕਿ ਕੌਣ ਕੀ ਕਹਿ ਰਿਹਾ ਹੈ। ਜੇ ਔਰਤਾਂ ਬਿਨਾਂ ਘਰ ਨਹੀਂ ਚੱਲ ਸਕਦੇ ਹਨ, ਚੁੱਲ੍ਹੇ ਨਹੀਂ ਚੱਲ ਸਕਦੇ ਤਾਂ ਮੁਲਕ ਵੀ ਨਹੀਂ ਚੱਲ ਸਕਦੇ।