ਮਾਛੀਵਾੜਾ ਇਲਾਕੇ ’ਚ ਹੋਇਆ ਅਨੋਖਾ ਅੰਤਮ ਸਸਕਾਰ; ਦਰਿਆ ਵਿਚ ਡੁੱਬੀ ਲੜਕੀ ਦੇ ਪੁਤਲੇ ਨੂੰ ਦਿੱਤੀ ਅੰਤਮ ਵਿਦਾਈ; 6 ਦਿਨਾਂ ਬਾਦ ਵੀ ਲਾਸ਼ ਨਾ ਮਿਲਣ ਤੋਂ ਪ੍ਰੇਸ਼ਾਨ ਸੀ ਪਰਿਵਾਰ

0
9

ਮਾਛੀਵਾੜਾ ਸਾਹਿਬ ਇਲਾਕੇ ਅੰਦਰ ਇਕ ਅਨੋਖਾ ਅੰਤਮ ਸਸਕਾਰ ਹੋਣ ਦੀ ਖਬਰ ਸਾਹਮਣੇ ਆਈ ਐ। ਸਥਾਨਕ ਬਲੀਬੇਗ ਬਸਤੀ ਦੇ ਵਾਸੀਆਂ ਨੇ ਨਿਸ਼ਾ ਕੁਮਾਰੀ ਨਾਮ ਦੀ 16 ਸਾਲਾ ਲੜਕੀ ਦਾ ਪੁਤਲਾ ਬਣਾ ਕੇ ਉਸ ਦਾ ਅੰਤਮ ਸਸਕਾਰ ਕਰ ਕੇ ਅੰਤਮ ਰਸਮਾ ਕੀਤੀਆਂ ਨੇ। ਦਰਅਸਲ ਇਹ ਲੜਕੀ 7 ਦਿਨ ਪਹਿਲਾਂ ਮੰਡ ਖੇਤਰ ਵਿਚ ਵਹਿੰਦੇ ਸਤਲੁਜ ਦਰਿਆ ਵਿਚ ਡੁੱਬ ਗਈ ਸੀ, ਜਿਸ ਦੀ ਅਜੇ ਤਕ ਲਾਸ਼ ਨਹੀਂ ਬਰਾਮਦ ਹੋ ਸਕੀ। ਜਿਸ ਤੋਂ ਬਾਅਦ ਪਰਿਵਾਰ ਨੇ ਮ੍ਰਿਤਕਾ ਦੇ ਪੁਤਲੇ ਦਾ ਅੰਤਮ ਸਸਕਾਰ ਕਰ ਕੇ ਅੰਤਮ ਰਸਮਾਂ ਪੂਰੀਆਂ ਕੀਤੀਆਂ ਨੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੇਬਰ ਦੇ ਠੇਕੇਦਾਰ ਨਰੇਸ਼ ਸਾਹਨੀ ਨੇ ਦੱਸਿਆ ਕਿ ਉਹ 7 ਅਗਸਤ ਨੂੰ ਬਲੀਬੇਗ ਬਸਤੀ ਤੋਂ ਖੇਤਾਂ ਵਿਚ ਮਜ਼ਦੂਰੀ ਕਰਵਾਉਣ ਲਈ ਇੱਥੋਂ ਭਾਰੀ ਗਿਣਤੀ ’ਚ ਮਜ਼ਦੂਰ ਪਿੰਡ ਦੋਪਾਣਾ ਵਿਖੇ ਕਿਸਾਨ ਦੇ ਖੇਤਾਂ ਵਿਚ ਕੰਮ ਕਰਵਾਉਣ ਲਈ ਲੈ ਕੇ ਗਿਆ ਸੀ। ਉਸਨੇ ਦੱਸਿਆ ਕਿ ਕਿਸਾਨ ਵਲੋਂ ਦੁਪਹਿਰ ਨੂੰ ਮਜ਼ਦੂਰਾਂ ਨੂੰ ਛੁੱਟੀ ਕਰ ਦਿੱਤੀ ਗਈ ਜੋ ਨੇੜੇ ਵਗਦੇ ਦਰਿਆ ਦਾ ਪਾਣੀ ਦੇਖਣ ਚਲੇ ਗਏ। ਇਸ ਦੌਰਾਨ ਲੜਕੀ ਨਿਸ਼ਾ ਆਪਣੀਆਂ ਸਹੇਲੀਆਂ ਨਾਲ ਦਰਿਆ ਵਿਚ ਨਹਾਉਣ ਲਈ ਉਤਰੀ ਅਤੇ ਪੈਰ ਫਿਸਲਣ ਕਾਰਨ ਉਸ ਵਿਚ ਰੁੜ ਗਈ। ਪਰਿਵਾਰਕ ਮੈਂਬਰਾਂ ਵਲੋਂ ਉਸਦੀ ਲਗਾਤਾਰ ਪਾਣੀ ਵਿਚ ਤਲਾਸ਼ ਕੀਤੀ ਗਈ, ਇੱਥੋਂ ਤੱਕ ਇਸ ਗਰੀਬ ਪਰਿਵਾਰ ਨੇ ਗੋਤਾਖੋਰ ਦੀ ਵੀ ਸਹਾਇਤਾ ਲਈ ਪਰ ਕਈ ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਉਸਦੀ ਲਾਸ਼ ਨਾ ਮਿਲੀ।
ਅਖੀਰ ਅੱਜ ਪਰਿਵਾਰਕ ਮੈਂਬਰਾਂ ਨੇ ਆਪਣੀ ਧੀ ਨਿਸ਼ਾ ਨੂੰ ਮ੍ਰਿਤਕ ਮੰਨ ਕੇ ਅਰਥੀ ਬਣਾਈ ਤੇ ਉਸ ਉੱਪਰ ਪੁਤਲਾ ਰੱਖਿਆ ਤੇ ਚਿਹਰੇ ’ਤੇ ਫੋਟੋ ਲਗਾ ਪੁਤਲਾ ਨੂੰ ਕੱਪੜੇ ਪਹਿਨਾ ਕੇ ਘਟਨਾ ਵਾਲੀ ਥਾਂ ’ਤੇ ਦਰਿਆ ਕਿਨਾਰੇ ਅੰਤਿਮ ਸਸਕਾਰ ਕਰ ਦਿੱਤਾ। ਮਾਛੀਵਾੜਾ ਇਲਾਕੇ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਸ਼ਾਇਦ ਕਿਸੇ ਨੂੰ ਮ੍ਰਿਤਕ ਮੰਨ ਉਸਦਾ ਪੁਤਲਾ ਬਣਾ ਕੇ ਅੰਤਿਮ ਸਸਕਾਰ ਕੀਤਾ ਹੋਵੇ। ਨਿਸ਼ਾ ਦੇ ਪਰਿਵਾਰਕ ਮੈਂਬਰ ਜਿੱਥੇ ਆਪਣੀ ਧੀ ਦੇ ਖੋ ਜਾਣ ਕਾਰਨ ਦੁੱਖ ਵਿਚ ਸਨ ਉੱਥੇ ਉਸਦੀ ਲਾਸ਼ ਨਾ ਮਿਲਣ ਕਾਰਨ ਵੀ ਜਿਆਦਾ ਗ਼ਮਗੀਨ ਦਿਖਾਈ ਦਿੱਤੇ।
ਲੜਕੀ ਦੇ ਪਿਤਾ ਸੋਨੂੰ ਸਾਹਨੀ ਨੇ ਦੱਸਿਆ ਕਿ ਉਹ ਪਿਛਲੇ 7 ਦਿਨਾਂ ਤੋਂ ਲਗਾਤਾਰ ਸਤਲੁਜ ਦਰਿਆ ਵਿਚ ਰੁੜੀ ਆਪਣੀ ਲੜਕੀ ਦੀ ਤਲਾਸ਼ ਕਰਦੇ ਰਹੇ। ਗੋਤਾਖੋਰਾਂ ਦੀ ਮੱਦਦ ਵੀ ਲਈ, ਕਿਸ਼ਤੀਆਂ ਰਾਹੀਂ ਵੀ ਕਈ ਕਿਲੋਮੀਟਰ ਲੰਮਾਂ ਸਤਲੁਜ ਦਰਿਆ ਛਾਣ ਮਾਰਿਆ ਪਰ ਉਸਦੀ ਕੋਈ ਉਘ ਸੁਗ ਨਾ ਮਿਲੀ। ਅਖੀਰ ਜਦੋਂ ਉਹ ਹੰਭ ਗਏ ਤਾਂ ਉਨ੍ਹਾਂ ਦੀ ਬਸਤੀ ਦੇ ਪੰਡਿਤ ਨੇ ਕਿਹਾ ਕਿ ਲੜਕੀ ਦੀ ਆਤਮਿਕ ਸ਼ਾਂਤੀ ਲਈ ਪੁਤਲਾ ਬਣਾ ਕੇ ਉਸਦਾ ਅੰਤਿਮ ਸਸਕਾਰ ਉਸ ਥਾਂ ’ਤੇ ਹੀ ਕੀਤਾ ਜਾਵੇ ਜਿੱਥੇ ਉਹ ਪਾਣੀ ਵਿਚ ਸਮਾ ਗਈ, ਇਸ ਲਈ ਅੱਜ ਪਰਿਵਾਰ ਵਲੋਂ ਉਸਦਾ ਪੁਤਲਾ ਬਣਾ ਕੇ ਅਰਥੀ ਨੂੰ ਸਤਲੁਜ ਦਰਿਆ ਕਿਨਾਰੇ ਲਿਆ ਕੇ ਅਗਨੀ ਭੇਟ ਕਰ ਰੀਤੀ ਰਿਵਾਜ਼ਾਂ ਅਨੁਸਾਰ ਅੰਤਿਮ ਸਸਕਾਰ ਕੀਤਾ ਗਿਆ।
ਲੜਕੀ ਦੇ ਪਿਤਾ ਨੇ ਕਿਹਾ ਕਿ ਉਹ ਪੁਲਸ ਕੋਲ ਇਸ ਸਾਰੇ ਹਾਦਸੇ ਦੀ ਸ਼ਿਕਾਇਤ ਜਾਂਚ ਕਰਵਾਉਣਗੇ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਕਿ ਇਹ ਹਾਦਸਾ ਜਾਂ ਉਸ ਨੂੰ ਦਰਿਆ ਵਿਚ ਕਿਤੇ ਧੱਕਾ ਤਾਂ ਨਹੀਂ ਦਿੱਤਾ ਗਿਆ। ਪਿਤਾ ਨੇ ਦੱਸਿਆ ਕਿ ਉਸਦੀ ਲੜਕੀ ਪਾਣੀ ਨੇੜੇ ਜਾਣ ਤੋਂ ਬਹੁਤ ਡਰਦੀ ਸੀ ਪਰ ਉਹ ਡੂੰਘੇ ਪਾਣੀ ਵਿਚ ਨਹਾਉਣ ਕਿਵੇਂ ਚਲੀ ਗਈ, ਇਹ ਜਾਂਚ ਦਾ ਵਿਸ਼ਾ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਐ।

LEAVE A REPLY

Please enter your comment!
Please enter your name here