ਦੇਸ਼ ਦੀ ਆਜ਼ਾਦੀ ਨੂੰ ਲੈ ਕੇ ਹਰ ਇੱਕ ਦੇਸ਼ ਵਾਸੀ ਦੇ ਮਨ ਵਿੱਚ ਇੱਕ ਭਾਵਨਾ ਅਤੇ ਸ਼ਰਧਾ ਹੁੰਦੀ ਹੈ ਜਿਸ ਨੂੰ ਉਹ ਆਪੋ-ਆਪਣੇ ਤਰੀਕੇ ਨਾਲ ਜਾਹਰ ਕਰਦੇ ਨੇ। ਅਜਿਹਾ ਕੁੱਝ ਹੀ ਅੱਜ ਫਰੀਦਕੋਟ ਵਿਖੇ ਵੇਖਣ ਨੂੰ ਮਿਲਿਆ ਜਿੱਥੇ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੌਰਾਨ ਜਿੱਥੇ ਪ੍ਰਸ਼ਾਸਨ ਵੱਲੋਂ ਸਮਾਗਮ ਕਰਵਾਇਆ ਜਾ ਰਿਹਾ ਸੀ, ਉੱਥੇ ਹੀ ਦੂਜੇ ਪਾਸੇ ਸਿਲਵਰ ਬੁਆਏ ਦੇ ਨਾਮ ਨਾਲ ਮਸ਼ਹੂਰ ਬਹਿਰੂਪੀਏ ਅਖਵਾਉਣ ਵਾਲੇ ਕਲਾਕਾਰ ਸਟੇਚੁ ਬਣ ਕੇ ਲੋਕਾਂ ਦਾ ਮਨੋਰੰਜਨ ਕਰਦੇ ਦੇਖੇ ਗਏ। ਉਨ੍ਹਾਂ ਵੱਲੋਂ ਅੱਜ ਦੇਸ਼ ਭਗਤੀ ਦੇ ਗੀਤ ਨਾਲ ਇਕ ਭਾਰਤੀ ਸੋਲਜ਼ਰ ਦਾ ਰੂਪ ਧਾਰਿਆ ਹੋਇਆ ਸੀ ਅਤੇ ਇਕ ਹੋਰ ਕਲਾਕਾਰ ਅੰਗਰੇਜ਼ ਬਣਿਆ ਹੋਇਆ ਸੀ ਜਿਨ੍ਹਾਂ ਵੱਲੋਂ ਸਟੇਚੁ ਬਣ ਕੇ ਇਹ ਦਰਸਾਇਆ ਗਿਆ ਕਿ ਕਿਵੇਂ ਭਾਰਤੀਆ ਨੇ ਅੰਗਰੇਜ਼ਾਂ ਤੋਂ ਆਪਣਾ ਦੇਸ਼ ਆਜ਼ਾਦ ਕਰਵਾਇਆ।
ਸਟੇਚੁ ਬਣੇ ਇਨ੍ਹਾਂ ਕਲਾਕਾਰਾਂ ਨੂੰ ਲੋਕ ਦੇਖਣ ਲਈ ਜਮਾ ਹੋਏ ਜਿਨ੍ਹਾਂ ਵੱਲੋਂ ਆਪਣੀ ਸ਼ਰਧਾ ਅਨੁਸਾਰ ਉਨ੍ਹਾਂ ਨੂੰ ਇਨਾਮ ਦਿੱਤੇ। ਇਸ ਮੌਕੇ ਬਹਿਰੂਪੀਏ ਜਾਣੇ ਜਾਣ ਵਾਲੇ ਇਨ੍ਹਾਂ ਕਲਾਕਾਰਾਂ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਖਾਨਦਾਨੀ ਕੰਮ ਹੈ ਜੋ ਪੀੜੀਆਂ ਤੋਂ ਕਰਦੇ ਆ ਰਹੇ ਹਨ ਜੋ ਵੱਖ ਵੱਖ ਭੇਸ ਬਣਾ ਕੇ ਲੋਕਾਂ ਦਾ ਮਨੋਰੰਜਨ ਕਰ ਆਪਣਾ ਰੋਜ਼ੀ ਰੋਟੀ ਕਮਾਉਂਦੇ ਹਨ ਅਤੇ ਇਸੇ ਤੋਂ ਹੀ ਇਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਹੈ। ਉਨ੍ਹਾਂ ਦਸਿਆ ਕਿ ਅੱਜ ਵੀ ਬਹੁਤ ਲੋਕ ਹਨ ਜੋ ਕਲਾ ਦੀ ਕਦਰ ਕਰਦੇ ਹਨ ਅਤੇ ਉਨ੍ਹਾਂ ਨੂੰ ਬਹੁਤ ਸਨਮਾਨ ਦਿੰਦੇ ਹਨ ਅਤੇ ਉਹ ਆਪਣੇ ਇਸ ਕੰਮ ਤੋਂ ਬੇਹੱਦ ਖੁਸ਼ ਹਨ।