ਅੰਮ੍ਰਿਤਸਰ ’ਚ ਮੈਟਰੋ ਬੱਸ ਸਕਿਉਰਟੀ ਤੇ ਸਫਾਈ ਕਰਮਚਾਰੀਆਂ ਦਾ ਧਰਨਾ; ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਨੂੰ ਲੈ ਕੇ ਕੀਤੀ ਨਾਅਰੇਬਾਜ਼ੀ

0
3

 

ਅੰਮ੍ਰਿਤਸਰ ਦੇ ਕਚਹਿਰੀ ਚੌਂਕ ਵਿਖੇ ਅੱਜ ਮੈਟਰੋ ਬੱਸ ਚ ਡਿਊਟੀ ਕਰਨ ਵਾਲੇ ਸਕਿਉਰਟੀ ਗਾਰਡ ਅਤੇ ਸਫਾਈ ਕਰਮਚਾਰੀਆਂ ਨੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਇਹ ਮੁਲਾਜਮ ਤਿੰਨ ਮਹੀਨਿਆਂ ਤੋਂ ਰੋਕੀ ਗਈ ਤਨਖਾਹ ਦੀ ਮੰਗ ਕਰ ਰਹੇ ਹਨ।  ਕਰਮਚਾਰੀਆਂ ਦਾ ਕਹਿਣਾ ਹੈ ਕਿ ਹਰ ਰੋਜ਼ ਆਵਾਜਾਈ ‘ਤੇ ਖਰਚਾ ਹੋ ਰਿਹਾ ਹੈ, ਪਰ ਘਰ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਹੈ। ਇੱਥੋਂ ਤੱਕ ਕਿ ਬੱਚਿਆਂ ਦੀ ਸਕੂਲ ਦੀ ਫੀਸ ਤੱਕ ਨਹੀਂ ਦਿੱਤੀ ਜਾ ਰਹੀ।
ਉਹਨਾਂ ਕਿਹਾ ਕਿ ਇੱਕ ਪਾਸੇ ਲੋਕ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾ ਰਹੇ ਹਨ ਜਿੱਥੇ ਦੇਸ਼ ਆਜ਼ਾਦ ਹੋਣ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਉੱਥੇ ਹੀ ਅਸੀਂ ਭਿਖਾਰੀਆਂ ਵਾਂਗ ਜ਼ਿੰਦਗੀ ਬਤੀਤ ਕਰ ਰਹੇ ਹਾਂ। ਪ੍ਰਦਰਸ਼ਨਕਾਰੀਆਂ ਨੇ ਤਨਖਾਹਾਂ ਛੇਤੀ ਜਾਰੀ ਕਰਨ ਦੀ ਮੰਗ ਕੀਤੀ ਐ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਨਾ ਸਿਰਫ ਮੌਜੂਦਾ ਤਨਖਾਹ ਬਾਕੀ ਹੈ, ਸਗੋਂ ਪਿਛਲੇ ਤਿੰਨ ਸਾਲਾਂ ਦਾ ਏਰੀਅਰ ਅਤੇ ਡੀਸੀ ਰੇਟ ਵੀ ਅਜੇ ਤੱਕ ਨਹੀਂ ਦਿੱਤਾ ਗਿਆ। ਕਰਮਚਾਰੀਆਂ ਨੇ ਦੋਸ਼ ਲਗਾਇਆ ਕਿ ਕੰਪਨੀ ਵੱਲੋਂ ਸਿਰਫ਼ ਆਸ਼ਵਾਸਨ ਮਿਲਦਾ ਹੈ, ਪਰ ਅਸਲ ਭੁਗਤਾਨ ਨਹੀਂ ਹੁੰਦਾ।
ਧਰਨੇ ਵਿੱਚ ਸ਼ਾਮਲ ਕਰਮਚਾਰੀਆਂ ਨੇ ਕਿਹਾ ਕਿ ਜਦੋਂ ਉਹ ਆਪਣੇ ਹੱਕ ਦੀ ਮੰਗ ਲਈ ਕੰਪਨੀ ਦੇ ਅਧਿਕਾਰੀਆਂ ਕੋਲ ਜਾਂਦੇ ਹਨ, ਤਾਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਕਿ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਕਰਮਚਾਰੀਆਂ ਦਾ ਕਹਿਣਾ ਹੈ ਕਿ ਇਹ ਮਾਮਲਾ ਗੰਭੀਰ ਹੈ, ਪਰ ਕੰਪਨੀ ਇਸਨੂੰ ਮਜ਼ਾਕ ਬਣਾਕੇ ਟਾਲਦੀ ਹੈ।
ਕਰਮਚਾਰੀਆਂ ਨੇ ਸਰਕਾਰ, ਪ੍ਰਸ਼ਾਸਨ ਅਤੇ ਕੰਪਨੀ ਪ੍ਰਬੰਧਨ ਨੂੰ ਬੇਨਤੀ ਕੀਤੀ ਕਿ ਤਨਖਾਹ, ਏਰੀਅਰ ਅਤੇ ਡੀਸੀ ਰੇਟ ਦੀ ਭੁਗਤਾਨੀ ਤੁਰੰਤ ਕੀਤੀ ਜਾਵੇ। ਉਹਨਾਂ ਚੇਤਾਵਨੀ ਦਿੱਤੀ ਕਿ ਜੇ ਸਮੱਸਿਆ ਦਾ ਹੱਲ ਨਾ ਕੀਤਾ ਗਿਆ, ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜਦੋਂ ਬੀਆਰਟੀਐਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਦਫਤਰ ਖਾਲੀ ਨਜ਼ਰ ਆਏ ਕੋਈ ਵੀ ਅਧਿਕਾਰੀ ਉਥੇ ਨਜ਼ਰ ਨਹੀਂ ਆਇਆ।

LEAVE A REPLY

Please enter your comment!
Please enter your name here