ਮੋਗਾ ’ਚ ਫਰਜ਼ੀ ਨਸ਼ਾ ਛੁਡਾਓ ਕੇਂਦਰ ਅੰਦਰ ਨੌਜਵਾਨ ਦੀ ਮੌਤ; ਪਰਿਵਾਰ ਨੇ ਪ੍ਰਬੰਧਕਾਂ ’ਤੇ ਲਾਏ ਕਤਲ ਕਰਨ ਦੇ ਇਲਜ਼ਾਮ

0
4

ਮੋਗਾ ਦੇ ਪਿੰਡ ਚਿੜੀਕ ਵਿਖੇ ਮੈਰਿਜ ਪੈਲੇਸ ਦੀ ਆੜ ਵਿੱਚ ਚੱਲ ਰਹੇ ਫਰਜ਼ੀ ਨਸ਼ਾ ਛੁਡਾਊ ਕੇਂਦਰ ਵਿੱਚ ਇੱਕ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕੇਂਦਰ ਪੁਲਿਸ ਸਟੇਸ਼ਨ ਤੋਂ ਮਹਿਜ਼ 500 ਮੀਟਰ ਦੀ ਦੂਰੀ ‘ਤੇ ਸਥਿਤ ਐ। ਪੁਲਿਸ ਨੇ ਇਹ ਨਸ਼ਾ ਛੁਡਾਊ ਕੇਂਦਰ ਕਾਫ਼ੀ ਸਮੇਂ ਤੋਂ ਬੰਦ ਹੋਣ ਦੀ ਗੱਲ ਕਹੀ ਐ ਜਦਕਿ ਮ੍ਰਿਤਕ ਦੇ ਪਰਿਵਾਰ ਦਾ ਦਾਅਵਾ ਐ ਕਿ ਮ੍ਰਿਤਕ ਨੌਜਵਾਨ 4 ਜੁਲਾਈ ਤੋਂ ਇਸ ਨਸ਼ਾ ਛੁਡਾਊ ਕੇਂਦਰ ‘ਚ ਇਲਾਜ ਅਧੀਨ ਸੀ ਤੇ ਮ੍ਰਿਤਕ ਸਿਰਫ਼ ਸ਼ਰਾਬ ਪੀਣ ਦਾ ਆਦੀ ਸੀ। ਫਿਲਹਾਲ ਪੁਲਿਸ ਨੇ ਪਰਿਵਾਰ ਦੇ ਬਿਆਨਾਂ ‘ਤੇ ਮੈਰਿਜ ਪੈਲੇਸ ਦੇ ਮਾਲਕ ਤੇ ਉਸਦੇ ਪੁੱਤਰ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਜਸਪਾਲ ਦੀ ਪਤਨੀ ਮਨਦੀਪ ਕੌਰ ਤੇ ਉਸਦੇ ਇੱਕ ਹੋਰ ਰਿਸ਼ਤੇਦਾਰ ਅਮਨ ਨੇ ਦੱਸਿਆ ਕਿ ਜਸਪਾਲ ਸਿੰਘ ਸ਼ਰਾਬ ਪੀਣ ਦਾ ਆਦੀ ਸੀ, ਜਿਸ ਕਾਰਨ 4 ਜੁਲਾਈ ਨੂੰ ਜਦੋਂ ਉਨ੍ਹਾਂ ਨੇ ਇਸ ਨਸ਼ਾ ਛੁਡਾਊ ਕੇਂਦਰ ਦੇ ਲੋਕਾਂ ਨਾਲ ਸੰਪਰਕ ਕੀਤਾ ਤਾਂ ਉਹ ਘਰੋਂ ਆ ਕੇ ਜਸਪਾਲ ਨੂੰ ਲੈ ਗਏ। ਜਿਸ ਤੋਂ ਬਾਅਦ ਇੱਕ ਵਾਰ ਜਦੋਂ ਜਸਪਾਲ ਦੀ ਪਤਨੀ ਮਨਦੀਪ ਕੌਰ ਉਸਨੂੰ ਮਿਲਣ ਆਈ ਤਾਂ ਨਸ਼ਾ ਛੁਡਾਊ ਕੇਂਦਰ ਦੇ ਲੋਕਾਂ ਨੇ ਉਸਨੂੰ ਮਿਲਣ ਨਹੀਂ ਦਿੱਤਾ ਤੇ ਅੱਜ ਵੀ ਜਦੋਂ ਮਨਦੀਪ ਕੌਰ ਆਪਣੇ ਹੋਰ ਰਿਸ਼ਤੇਦਾਰਾਂ ਨਾਲ ਜਸਪਾਲ ਨੂੰ ਵਾਪਸ ਲੈਣ ਆਈ ਤਾਂ ਉਨ੍ਹਾਂ ਦੇ ਅਨੁਸਾਰ ਪਹਿਲਾਂ ਨਸ਼ਾ ਛੁਡਾਊ ਕੇਂਦਰ ਦੇ ਲੋਕਾਂ ਨੇ ਕਿਹਾ ਕਿ ਜਸਪਾਲ ਭੱਜ ਗਿਆ ਹੈ। ਜਿਸ ਤੋਂ ਬਾਅਦ ਉਸਨੂੰ ਦੱਸਿਆ ਗਿਆ ਕਿ ਉਸਦਾ ਕੋਈ ਰਿਸ਼ਤੇਦਾਰ ਜਸਪਾਲ ਨੂੰ ਇੱਥੋਂ ਲੈ ਗਿਆ ਹੈ। ਜਦੋਂ ਮ੍ਰਿਤਕ ਜਸਪਾਲ ਦੇ ਰਿਸ਼ਤੇਦਾਰਾਂ ਨੇ ਹੋਰ ਦਬਾਅ ਪਾਇਆ ਤਾਂ ਨਸ਼ਾ ਛੁਡਾਊ ਕੇਂਦਰ ਦੇ ਲੋਕਾਂ ਨੇ ਕਿਹਾ ਕਿ ਜਸਪਾਲ ਅੰਦਰ ਹੈ, ਤੁਸੀਂ ਆ ਕੇ ਦੇਖ ਸਕਦੇ ਹੋ ਤੇ ਜਸਪਾਲ ਦੀ ਪਤਨੀ ਨੇ ਦੱਸਿਆ ਕਿ ਜਦੋਂ ਉਹ ਅੰਦਰ ਗਏ ਤਾਂ ਜਸਪਾਲ ਦੀ ਲਾਸ਼ ਇੱਕ ਹਾਲ ‘ਚ ਪਈ ਸੀ। ਉਸਨੇ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਦੇ ਲੋਕਾਂ ਨੇ ਜਸਪਾਲ ਦੇ ਇਲਾਜ ਲਈ ਉਨ੍ਹਾਂ ਤੋਂ ਫੀਸ ਵਜੋਂ 20 ਹਜ਼ਾਰ ਨਕਦ ਵੀ ਲਏ ਸਨ।
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਡੀਐੱਸਪੀ ਸਿਟੀ ਗੁਰਪ੍ਰੀਤ ਸਿੰਘ ਵੀ ਮੌਕੇ ‘ਤੇ ਪਹੁੰਚੇ, ਪਰ ਥਾਣਾ ਚਿੜਿਕ ਦੇ ਇੰਚਾਰਜ ਐੱਸਆਈ ਗੁਰਪਾਲ ਸਿੰਘ ਨੇ ਦੱਸਿਆ ਕਿ ਪਹਿਲਾਂ ਇਸ ਜਗ੍ਹਾ ‘ਤੇ ਇੱਕ ਨਸ਼ਾ ਛੁਡਾਊ ਕੇਂਦਰ ਚੱਲਦਾ ਸੀ ਪਰ ਹੁਣ ਇਸਦਾ ਲਾਇਸੈਂਸ ਖਤਮ ਹੋ ਗਿਆ ਹੈ, ਜਿਸ ਕਾਰਨ ਹੁਣ ਇੱਥੇ ਕੋਈ ਨਸ਼ਾ ਛੁਡਾਊ ਕੇਂਦਰ ਨਹੀਂ ਚੱਲ ਰਿਹਾ ਸੀ। ਕਤਲ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਇਸ ਜਗ੍ਹਾ ਦੇ ਮਾਲਕ ਇੰਦਰਜੀਤ ਅਤੇ ਉਸਦੇ ਪੁੱਤਰ ਅਤੇ ਪਿਤਾ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ, ਜਦੋਂ ਕਿ ਪੁੱਤਰ ਅਜੇ ਫਰਾਰ ਹੈ। ਉਸਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 37 ਸਾਲਾ ਮ੍ਰਿਤਕ ਜਸਪਾਲ ਆਪਣੇ ਪਿੱਛੇ ਦੋ ਪੁੱਤਰ ਛੱਡ ਗਿਆ ਹੈ।

LEAVE A REPLY

Please enter your comment!
Please enter your name here