ਮਾਨਸਾ ਦੇ ਐਸਐਸਪੀ ਦਫਤਰ ਅੱਗੇ ਕਿਸਾਨਾਂ ਦਾ ਧਰਨਾ; ਤਾਰਾਂ ਖਰੀਦਣ ਵਾਲੇ ਕਬਾੜੀਏ ਖਿਲਾਫ ਮੰਗੀ ਕਾਰਵਾਈ

0
2

ਕਿਸਾਨਾਂ ਦੀਆਂ ਮੋਟਰਾਂ ਤੋਂ ਚੋਰੀ ਹੋਈਆਂ ਤਾਰਾ ਖਰੀਦਣ ਵਾਲੇ ਕਬਾੜੀਏ ਖਿਲਾਫ ਬਣਦੀ ਕਾਰਵਾਈ ਨਾ ਹੋਣ ਦਾ ਮੁੱਦਾ ਗਰਮਾ ਗਿਆ ਐ। ਪੀੜਤ ਕਿਸਾਨਾਂ ਨੇ ਐਸਐਸਪੀ ਦਫਤਰ ਅੱਗੇ ਧਰਨਾ ਦੇ ਕੇ ਕਬਾੜੀਏ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਕਿਸਾਨਾਂ ਦਾ ਕਹਿਣਾ ਐ ਕਿ ਉਨ੍ਹਾਂ ਨੇ ਚੋਰ ਗਰੋਹ ਦੇ ਮੈਂਬਰਾਂ ਨੂੰ ਕਾਬੂ ਕਰ ਕੇ ਮਾਨਸੇ ਦਾ ਥਾਣਾ ਸਿਟੀ-2 ਦੇ ਹਵਾਲੇ ਕੀਤਾ ਸੀ ਪਰ ਪੁਲਿਸ ਤਾਰਾਂ ਖਰੀਦਣ ਵਾਲੇ ਕਬਾੜੀਏ ਖਿਲਾਫ ਕਾਰਵਾਈ ਨਹੀਂ ਕੀਤੀ। ਇਸੇ ਦੌਰਾਨ ਪੁਲਿਸ ਅਧਿਕਾਰੀਆਂ ਨੇ ਸਫਾਈ ਦਿੰਦਿਆਂ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਐ ਤੇ ਕਾਰਵਾਈ ਕੀਤੀ ਜਾ ਰਹੀ ਐ।
ਦੱਸਣਯੋਗ ਐ ਕਿ ਪਿਛਲੇ ਦਿਨੀ ਮਾਨਸਾ ਦੇ ਆਸ ਪਾਸ ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਕਿਸਾਨਾਂ ਵੱਲੋਂ ਗ੍ਰਿਫਤਾਰ ਕਰਕੇ ਮਾਨਸਾ ਦੇ ਥਾਣਾ ਸਿਟੀ ਟੂ ਦੀ ਪੁਲਿਸ ਹਵਾਲੇ ਕੀਤਾ ਗਿਆ ਸੀ। ਕਿਸਾਨਾਂ ਨੇ ਕਿਹਾ ਕਿ ਚੋਰਾਂ ਵੱਲੋਂ ਮੰਨਿਆ ਗਿਆ ਸੀ ਕਿ ਉਹ ਮਾਨਸਾ ਦੇ ਇੱਕ ਕਬਾੜੀਏ ਨੂੰ ਤਾਰਾਂ ਅਤੇ ਤਾਂਬਾ ਵੇਚ ਕੇ ਜਾਂਦੇ ਹਨ ਜਿਸ ਤਹਿਤ ਪੁਲਿਸ ਨੇ ਚੋਰਾਂ ਤੇ ਤਾਂ ਕਾਰਵਾਈ ਕਰ ਦਿੱਤੀ ਪਰ ਕਬਾੜੀਏ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਰੋਸ ਵਜੋਂ ਅੱਜ ਉਹਨਾਂ ਵੱਲੋਂ ਐਸਐਸਪੀ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ।
ਉਹਨਾਂ ਕਿਹਾ ਕਿ ਚੋਰਾਂ ਦੇ ਨਾਲ ਮਿਲੇ ਹੋਏ ਕਬਾੜੀਏ ਜੋ ਕਿ ਚੋਰੀ ਦਾ ਸਮਾਨ ਖਰੀਦਦੇ ਹਨ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਕਿਸਾਨ ਆਗੂਆਂ ਨੇ ਕਿਹਾ ਕਿ ਪੁਲਿਸ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਕਬਾੜੀਏ ਨੂੰ ਗ੍ਰਿਫਤਾਰ ਕਰ ਲਿਆ ਹੈ। ਡੀਐਸਪੀ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਮੋਟਰਾਂ ਤੋਂ ਤਾਰਾਂ ਚੋਰੀ ਕਰਨ ਵਾਲੇ ਚੋਰਾਂ ਨੂੰ ਪੁਲਿਸ ਦੇ ਹਵਾਲੇ ਕਰਨ ਦੇ ਵਿੱਚ ਮਦਦ ਕੀਤੀ ਗਈ ਸੀ ਅਤੇ ਇਸ ਮਾਮਲੇ ਦੇ ਵਿੱਚ ਇੱਕ ਕਬਾੜੀਏ ਭੂਸ਼ਣ ਤੇ ਵੀ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here