ਸੰਗਰੂਰ ਦੇ ਪਿੰਡ ਦੇਹ ਕਲਾਂ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਖ ਵੱਖ ਵੰਨਗੀਆਂ ਦੀ ਪੇਸ਼ਕਾਰੀ ਨਾਲ ਪੁਰਾਣੇ ਸੱਭਿਆਚਾਰ ਨੂੰ ਰੂਪਮਾਨ ਕੀਤਾ ਗਿਆ ਜਿਸ ਵਿੱਚ ਪੁਰਾਣੇ ਖੂਹ, ਚੱਕੀਆਂ, ਪੁਰਾਣੀਆਂ ਮਧਾਣੀਆਂ ਚਰਖੇ, ਚੁੱਲ੍ਹੇ ਅਤੇ ਹੋਰ ਬਹੁਤ ਕੁਝ ਪੇਸ਼ ਕੀਤਾ ਗਿਆ ਤਾਂ ਕਿ ਅਜੋਕੀ ਪੀੜ੍ਹੀ ਨੂੰ ਆਪਣੀਆਂ ਪੁਰਾਣੀਆਂ ਸਭਿਆਚਾਰਕ ਚੀਜ਼ਾਂ ਦਾ ਗਿਆਨ ਹੋ ਸਕੇ।
ਸਮਾਗਮ ਦੌਰਾਨ ਮੁਟਿਆਰਾਂ ਤੇ ਛੋਟੀਆਂ ਬੱਚੀਆਂ ਚਰਖਾ ਕੱਤਦੀਆਂ ਨਜ਼ਰ ਆਈਆਂ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਅੱਜ ਤੀਆਂ ਦੇ ਤਿਉਹਾਰ ਤੇ ਮੌਕੇ ਤੇ ਉਹ ਬਹੁਤ ਖੁਸ਼ ਹਨ ਕਿਉਂਕਿ ਉਹਨਾਂ ਨੂੰ ਪੁਰਾਣਾ ਸੱਭਿਆਚਾਰ ਦੇਖਣ ਨੂੰ ਮਿਲਿਆ ਹੈ। ਉਹਨਾਂ ਨੇ ਦੱਸਿਆ ਕਿ ਜਿਹੜਾ ਸੱਭਿਆਚਾਰ ਲੋਕ ਭੁੱਲਦੇ ਜਾ ਰਹੇ ਸੀ, ਉਸ ਨੂੰ ਪ੍ਰਤੱਖ ਰੂਪ ਵਿਚ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ।
ਇਸ ਮੌਕੇ ਮੁਟਿਆਰਾਂ ਨੇ ਗਿੱਧਾ ਪਾ ਕੇ ਖੁਸ਼ੀ ਸਾਂਝੀ ਕੀਤੀ। ਇਸ ਸਬੰਧੀ ਪੁੱਛੇ ਜਾਣ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਖਾਸ ਤੌਰ ਤੇ ਜਿਹੜੀਆਂ ਭੈਣਾਂ ਬਾਹਰੋਂ ਆਈਆਂ ਸੀ ਉਹਨਾਂ ਨੂੰ ਪੀਪੇ ਵਿੱਚ ਖਾਣ ਪੀਣ ਦਾ ਸਮਾਨ ਪਾ ਕੇ ਦਿੱਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਸੀ ਕਿ ਜਿਹੜੀ ਧੀਆਂ ਭੈਣਾਂ ਬਾਹਰੋਂ ਆਈਆਂ ਨੇ ਉਹਨਾਂ ਨੂੰ ਇੱਕ ਕਿਸਮ ਦਾ ਸੰਧਾਰਾ ਹੀ ਦਿੱਤਾ ਜਾ ਰਿਹਾ ਹੈ।