ਪੰਜਾਬ ਲੁਧਿਆਣਾ ’ਚ ਲੁਟੇਰਿਆਂ ਨੇ ਪੈਟਰੋਲ ਪੰਪ ਨੂੰ ਬਣਾਇਆ ਨਿਸ਼ਾਨਾ; ਲੁੱਟ ਦੇ ਇਰਾਦੇ ਨਾਲ ਇੱਟਾਂ-ਪੱਥਰਾਂ ਨਾਲ ਕੀਤਾ ਹਮਲਾ; ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ’ਤੇ ਲੱਗੇ ਢਿੱਲੀ ਕਾਰਵਾਈ ਦੇ ਇਲਜ਼ਾਮ By admin - August 10, 2025 0 5 Facebook Twitter Pinterest WhatsApp ਮਹਾਨਗਰੀ ਲੁਧਿਆਣਾ ਅੰਦਰ ਲੁੱਟ-ਖੋਹ ਤੇ ਚੋਰੀ ਡਕੈਤੀਆਂ ਵਰਗੀਆਂ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਸ਼ਹਿਰ ਦੇ ਚੀਮਾ ਚੌਂਕ ਤੋਂ ਸਾਹਮਣੇ ਆਇਆ ਐ, ਜਿੱਥੇ ਸਥਿਤ ਪੈਟਰੋਲ ਪੰਪ ‘ਤੇ ਲੁੱਟ ਦੇ ਇਰਾਦੇ ਨਾਲ ਆਏ ਕੁੱਝ ਲੁਟੇਰਿਆਂ ਨੇ ਪੰਪ ਕਰਮਚਾਰੀਆਂ ‘ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਗਨੀਮਤ ਇਹ ਰਹੀ ਕਿ ਸ਼ੀਸ਼ੇ ਟੁੱਟਣ ਦੀ ਆਵਾਜ਼ ਸੁਣ ਕੇ ਪ੍ਰਾਈਵੇਟ ਸੁਰੱਖਿਆ ਕਰਮੀ ਮੌਕੇ ਤੋਂ ਪਹੁੰਚ ਗਏ, ਜਿਨ੍ਹਾਂ ਨੂੰ ਵੇਖ ਕੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਪ ਦੇ ਮਾਲਕ ਦੱਸਿਆ ਕਿ ਰਾਤ 12.30 ਵਜੇ 3 ਅਣਪਛਾਤੇ ਨੌਜਵਾਨਾਂ ਲੁੱਟ ਦੇ ਇਰਾਦੇ ਨਾਲ ਪਹਿਲਾਂ ਇੱਟਾਂ ਮਾਰ ਕੇ ਪੰਪ ਦੇ ਕੈਬਿਨ ਦਾ ਸ਼ੀਸ਼ਾ ਤੋੜਿਆ ਜਦੋਂ ਕੋਈ ਵਰਕਰ ਬਾਹਰ ਨਹੀਂ ਆਇਆ ਤਾਂ ਉਨ੍ਹਾਂ ਕੈਬਿਨ ਵਿੱਚੋਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸੇ ਸਮੇਂ ਪ੍ਰਾਈਵੇਟ ਸਕਿਉਰਟੀ ਦੇ ਮੁਲਾਜਮ ਸ਼ੀਸ਼ਾ ਤੋੜਨ ਦੀ ਆਵਾਜ਼ ਸੁਣ ਕੇ ਮੌਕੇ ਤੇ ਪਹੁੰਚੇ ਗਏ, ਜਿਸ ਤੋਂ ਬਾਅਦ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਮੌਕੇ ਤੋਂ ਭੱਜ ਗਏ। ਸੁਰੱਖਿਆ ਮੁਲਾਜਮਾਂ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ, ਪਰ ਉਹ ਭੱਜਣ ਵਿਚ ਸਫਲ ਰਹੇ। ਪੰਪ ਮਾਲਕਾਂ ਦੇ ਦੱਸਣ ਮੁਤਾਬਕ ਪਿਛਲੇ 4 ਮਹੀਨਿਆਂ ਵਿੱਚ ਪੰਪ ‘ਤੇ ਇਹ ਤੀਜੀ ਘਟਨਾ ਹੈ। ਪਹਿਲਾਂ ਲੁਟੇਰਿਆਂ ਨੇ ਪੰਪ ਵਰਕਰ ‘ਤੇ ਹਮਲਾ ਕੀਤਾ ਸੀ ਅਤੇ ਉਸਦਾ ਮੋਬਾਈਲ ਖੋਹ ਕੇ ਫਰਾਰ ਹੋ ਗਏ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਸੀ ਜਿਸ ਤੋਂ ਬਾਅਦ ਦੂਜੀ ਘਟਨਾ ਵਿੱਚ ਦੋਸ਼ੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ। ਸੁਰੱਖਿਆ ਗਾਰਡ ਨੇ ਉਕਤ ਦੋਸ਼ੀ ਨੂੰ ਫੜ ਲਿਆ ਅਤੇ ਉਸਨੂੰ ਖੰਭੇ ਨਾਲ ਬੰਨ੍ਹ ਦਿੱਤਾ ਪਰ ਨਸ਼ੇੜੀ ਹੋਣ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਸੁਰੱਖਿਆ ਗਾਰਡ ਦਾ ਉਕਤ ਵਿਅਕਤੀ ਨੂੰ ਮਾਰਨ ਦਾ ਕੋਈ ਇਰਾਦਾ ਨਹੀਂ ਸੀ ਪਰ ਪੁਲਿਸ ਨੇ ਇਸ ਘਟਨਾ ਵਿੱਚ ਉਨ੍ਹਾਂ ਦੇ 3 ਮੁਲਾਜਮਾਂ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ। ਪੰਪ ਮਾਲਕ ਨੇ ਦੱਸਿਆ ਕਿ ਹੁਣ ਇਸ ਘਟਨਾ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ, ਪਰ ਸ਼ਾਮ ਤੱਕ ਕੋਈ ਵੀ ਪੁਲਿਸ ਕਰਮਚਾਰੀ ਮੌਕੇ ‘ਤੇ ਨਹੀਂ ਪਹੁੰਚਿਆ। ਇਸ ਦੀ ਇਤਲਾਹ ਦੇਣ ਲਈ ਥਾਣਾ ਇੰਚਾਰਜ ਨੂੰ ਫੋਨ ਕੀਤਾ, ਪਰ ਉਸਦਾ ਫੋਨ ਬੰਦ ਹੈ। ਪੰਪ ਮਾਲਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ ਤਾਂ ਜੋ ਕਾਰੋਬਾਰੀ ਆਪਣਾ ਕੰਮ ਬਿਨਾਂ ਡਰ-ਭੈਅ ਦੇ ਕਰ ਸਕਣ।