ਜੰਮੂ ਕਸ਼ਮੀਰ ਵਿਖੇ ਅਤਿਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਲਾਂਸ ਨਾਇਕ ਫੌਜੀ ਨੌਜਵਾਨ ਪ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਮਾਨੂੰਪੁਰ ਦੇ ਸਮਸ਼ਾਨਘਾਟ ਵਿਖੇ ਲਿਆਂਦੀ ਗਈ, ਜਿੱਥੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਤੋਂ ਪਹਿਲਾਂ ਜਦੋਂ ਫੌਜ ਦੀ ਟੁੱਕੜੀ ਲਾਂਸਨਾਇਕ ਫੌਜੀ ਨੌਜਵਾਨ ਪ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਲੈ ਕੇ ਉਨ੍ਹਾਂ ਦੇ ਜੱਦੀ ਪਿੰਡ ਮਾਨੂੰਪੁਰ ਲੈ ਕੇ ਪਹੁੰਚੀ ਜਿੱਥੇ ਪਰਿਵਾਰ ਦਾ ਜਿੱਥੇ ਰੋ ਰੋ ਕੇ ਬੂਰਾ ਹਾਲ ਸੀ, ਉੱਥੇ ਪਹੁੰਚੇ ਵੱਡੀ ਗਿਣਤੀ ਲੋਕਾਂ ਦੀ ਹਰ ਅੱਖ ਨਮ ਦਿਖਾਈ ਦਿੱਤੀ। ਸ਼ਹੀਦ ਨੂੰ ਅੰਤਮ ਵਿਦਾਈ ਦੇਣ ਲਈ ਵੱਡੀ ਗਿਣਤੀ ‘ਚ ਪੁਲਿਸ ਪ੍ਰਸ਼ਾਂਸ਼ਨ ਅਤੇ ਸਰਕਾਰੀ ਅਮਲਾ ਪਹੁੰਚਿਆ ਹੋਇਆ ਸੀ। ਸ਼ਹੀਦ ਫੌਜੀ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਅਵਾਮ ਦੇ ਦਰਸ਼ਨਾਂ ਲਈ ਰੱਖਿਆ ਗਿਆ। ਇਸ ਮੌਕੇ ਸ਼ਹੀਦ ਨੌਜਵਾਨ ਦੀ ਪਤਨੀ, ਮਾਤਾ ਅਤੇ ਭਰਾਵਾਂ ਦਾ ਰੋ-ਰੋ ਬੁਰਾ ਹਾਲ ਸੀ।
ਪਰਿਵਾਰ ਨੇ ਸ਼ਹੀਦ ਨੌਜਵਾਨ ਦੀਆਂ ਨਮ ਅੱਖਾਂ ਨਾਲ ਅੰਤਿਮ ਰਸਮਾਂ ਕੀਤੀਆਂ। ਫੌਜੀ ਟੁੱਕੜੀ ਵੱਲੋਂ ਸ਼ਹੀਦ ਫੌਜੀ ਨੌਜਵਾਨ ਪ੍ਰਿਤਪਾਲ ਸਿੰਘ ਨੂੰ ਹਵਾਈ ਫਾਇਰ ਕਰਕੇ ਸਲਾਮੀ ਦਿੱਤੀ ਗਈ। ਇਸ ਮੌਕੇ ਸ਼ਹੀਦੀ ਪਤਨੀ ਵੱਲੋਂ ਆਪਣੇ ਸ਼ਹੀਦ ਪਤੀ ਨੂੰ ਨਮ ਅੱਖਾਂ ਨਾਲ ਆਖਰੀ ਸਲਾਮੀ ਦਿੱਤੀ ਅਤੇ ਆਪਣੇ ਪਤੀ ਦੀ ਸ਼ਹਾਦਤ ਨੂੰ ਸਲਾਮ ਕੀਤਾ। ਸ਼ਹੀਦ ਦੀ ਮਾਤਾ ਅਤੇ ਪਿਤਾ ਵੱਲੋਂ ਆਪਣੇ ਜਿਗਰ ਦੇ ਟੋਟੇ ਨੂੰ ਆਖਰੀ ਸਲਾਮੀ ਦਿੱਤੀ ਗਈ। ਪਿਤਾ ਅਤੇ ਭਰਾਵਾਂ ਵੱਲੋਂ ਸ਼ਹੀਦ ਫੌਜੀ ਨੌਜਵਾਨ ਪ੍ਰਿਤਪਾਲ ਸਿੰਘ ਦੀ ਚਿੱਖਾ ਨੂੰ ਮੁੱਖ ਅਗਨੀ ਦਿੱਤੀ ਗਈ ਪ੍ਰਿਤਪਾਲ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ ਗਏ।
ਇਸ ਮੌਕੇ ਫੌਜ ਦੇ ਉੱਚ ਅਧਿਕਾਰੀ ਵੱਲੋਂ ਉਨ੍ਹਾਂ ਦੀ ਧਰਮ ਪਤਨੀ ਨੂੰ ਉਹ ਤਿਰੰਗਾ ਸੌਪਿਆ ਗਿਆ, ਜਿਸ ਵਿੱਚ ਸ਼ਹੀਦ ਦੀ ਮ੍ਰਿਤਕ ਦੇਹ ਲਿਪਟ ਕੇ ਆਪਣੇ ਘਰ ਆਈ ਸੀ। ਅੰਤਿਮ ਯਾਤਰਾ ‘ਚ ਹਲਕਾ ਵਿਧਾਇਕ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕੇ ਦੀਆਂ ਸਖਸ਼ੀਅਤਾਂ ਨੇ ਪਹੁੰਚ ਕੇ ਸ਼ਹੀਦ ਨੂੰ ਅੰਤਮ ਵਿਦਾਈ ਦਿੱਤੀ। ਸ਼ਹੀਦ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਆਪਣੇ ਪੁੱਤਰ ਤੇ ਮਾਣ ਐ ਅਤੇ ਮੈਂ ਹੁਣ ਆਪਣਾ ਦੂਜਾ ਪੁੱਤਰ ਵੀ ਦੇਸ਼ ਦੀ ਰੱਖਿਆ ਲਈ ਭੇਜਣ ਨੂੰ ਤਿਆਰ ਹਾਂ।