ਫਾਜਿਲਕਾ ਡਿਪਟੀ ਕਮਿਸ਼ਨਰ ਨੇ ਸਰਹੱਦ ’ਤੇ ਮਨਾਇਆ ਰੱਖੜੀ ਦਾ ਤਿਉਹਾਰ; ਬੀਐਸਐਫ ਜਵਾਨਾਂ ਦੇ ਬੰਨ੍ਹੀ ਰੱਖੜੀ

0
10

ਫਾਜਿਲਕਾ ਦੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅੱਜ ਭਾਰਤ-ਪਾਕਿਸਤਾਨ ਸਰਹੱਦ ਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਬੀਐਸਐਫ ਦੇ ਜਵਾਨਾਂ ਦੇ ਰੱਖੜੀ ਬੰਨ੍ਹ ਕੇ ਰੱਖੜੀ ਦਾ ਤਿਉਹਾਰ ਮਨਾਇਆ। ਬੀਐਸਐਫ ਜਵਾਨਾਂ ਨੂੰ ਸੰਬੋਧਨ ਹੁੰਦਿਆਂ  ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਦੀਆਂ ਭੈਣਾਂ ਅਤੇ ਭਰਾਵਾਂ ਦੀ ਸੁਰੱਖਿਆ ਲਈ ਉਹਨਾਂ ਦੇ ਯੋਗਦਾਨ ਨੂੰ ਪੂਰਾ ਦੇਸ਼ ਸਲਾਮ ਕਰਦਾ ਹੈ। ਉਨ੍ਹਾਂ ਕਿਹਾ ਕਿ, “ਰੱਖੜੀ ਸਿਰਫ਼ ਭੈਣ-ਭਰਾ ਦੇ ਪਿਆਰ ਦਾ ਤਿਉਹਾਰ ਨਹੀਂ, ਸਗੋਂ ਭਰੋਸੇ, ਸਮਰਪਣ ਅਤੇ ਰਾਖੀ ਦੇ ਵਾਅਦੇ ਦਾ ਪ੍ਰਤੀਕ ਹੈ। ਅੱਜ ਮੈਂ ਆਪਣੇ ਇਨ੍ਹਾਂ ਸੂਰਵੀਰ ਭਰਾਵਾਂ ਦੀ ਕਲਾਈ ‘ਤੇ ਰਾਖੀ ਬੰਨ੍ਹ ਕੇ ਇਹ ਅਰਦਾਸ ਕਰਦੀ ਹਾਂ ਕਿ ਉਹ ਸਦਾ ਸੁਰੱਖਿਅਤ ਰਹਿਣ ਅਤੇ ਦੇਸ਼ ਦੀ ਰਾਖੀ ‘ਚ ਸਦਾ ਅਗੇ ਰਹਿਣ।”
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਹੱਦ ‘ਤੇ ਤੈਨਾਤ ਇਹ ਸੂਰਮੇ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਰਾਸ਼ਟਰ ਦੀ ਰਾਖੀ ਕਰਦੇ ਹਨ, ਜਿਸ ਕਰਕੇ ਸਾਡਾ ਫਰਜ਼ ਹੈ ਕਿ ਅਸੀਂ ਉਹਨਾਂ ਪ੍ਰਤੀ ਆਪਣਾ ਧੰਨਵਾਦ ਤੇ ਸਤਿਕਾਰ ਪ੍ਰਗਟ ਕਰੀਏ। ਉਨ੍ਹਾਂ ਨੇ ਕਿਹਾ ਕਿ ਰਾਖੀ ਦਾ ਅਸਲੀ ਮਤਲਬ ਹੈ ਇਕ-ਦੂਜੇ ਦੀ ਰਾਖੀ ਦਾ ਵਚਨ ਨਿਭਾਉਣਾ, ਅਤੇ ਬੀਐਸਐਫ ਦੇ ਜਵਾਨ ਇਸ ਵਚਨ ਨੂੰ ਆਪਣੀ ਜਾਨ ਜੋਖਮ ‘ਚ ਪਾ ਕੇ ਹਰ ਰੋਜ਼ ਸੱਚ ਕਰਦੇ ਹਨ।
ਐਸਡੀਐਮ ਵੀਰਪਾਲ ਕੌਰ ਨੇ ਵੀ ਜਵਾਨਾਂ ਨਾਲ ਮਿਲ ਕੇ ਰਾਖੀ ਦੇ ਸੁਨੇਹੇ ਸਾਂਝੇ ਕੀਤੇ ਅਤੇ ਕਿਹਾ ਕਿ ਉਹਨਾਂ ਦੀਆਂ ਕੁਰਬਾਨੀਆਂ ਅਤੇ ਸਮਰਪਣ ਹਮੇਸ਼ਾਂ ਯਾਦ ਰਹੇਗਾ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਬੀਐਸਐਫ ਦੇ ਜਵਾਨਾਂ ਨੂੰ ਮਿਠਿਆਈ ਵੀ ਭੇਟ ਕੀਤੀ। ਇਸ ਮੌਕੇ ਬੀਐਸਐਫ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਅਤੇ ਐਸਡੀਐਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਜ਼ਜ਼ਬਾਤੀ ਪਲ ਉਹਨਾਂ ਨੂੰ ਆਪਣੇ ਪਰਿਵਾਰ ਦੀ ਘਾਟ ਮਹਿਸੂਸ ਨਹੀਂ ਹੋਣ ਦਿੰਦੇ ਅਤੇ ਮਨੋਬਲ ਵਧਾਉਂਦੇ ਹਨ।

LEAVE A REPLY

Please enter your comment!
Please enter your name here