ਪੰਜਾਬ ਖਰੜ ਫਲਾਈਓਵਰ ’ਤੇ ਅੱਗ ਦਾ ਗੋਲਾ ਬਣੀ ਚਲਦੀ ਕਾਰ; ਕੋਲੋਂ ਬੇਖਬਰ ਹੋ ਕੇ ਲੰਘਦੇ ਰਹੇ ਰਾਹਗੀਰ; ਦੇਰ ਨਾਲ ਪਹੁੰਚੀ ਫਾਇਰ ਬ੍ਰਿਗੇਡ ਨੇ ਬੁਝਾਈ ਅੱਗ By admin - August 9, 2025 0 8 Facebook Twitter Pinterest WhatsApp ਖਰੜ ਫਲਾਈਓਵਰ ‘ਤੇ ਅੱਜ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਇੱਥੋਂ ਲੰਘ ਰਹੀ ਇਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਸੜ ਕੇ ਸੁਆਹ ਹੋ ਗਈ। ਇਸੇ ਦੌਰਾਨ ਰਾਹਗੀਰ ਕੋਲੋਂ ਬੇਖਬਰ ਹੋ ਕੇ ਲੰਘਦੇ ਰਹੇ ਅਤੇ ਕਿਸੇ ਨੇ ਵੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪ੍ਰਤੱਖਦਰਸ਼ੀਆਂ ਮੁਤਾਬਕ ਕਾਰ ਅੱਧੇ ਤੋਂ ਪੌਣੇ ਘੰਟੇ ਤਕ ਅੱਗ ਦਾ ਗੋਲਾ ਬਣੀ ਰਹੀ ਪਰ ਮੌਕੇ ਤੇ ਪੁਲਿਸ ਜਾਂ ਫਾਇਰ ਬ੍ਰਿਗੇਡ ਨਹੀਂ ਪਹੁੰਚੀ। ਕਾਫੀ ਦੇਰ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਬੁਝਾਈ ਪਰ ਤਦ ਤਕ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਖਬਰਾਂ ਮੁਤਾਬਕ ਇਹ ਕਾਰ ਅੰਮ੍ਰਿਤਸਰ ਵਾਸੀ ਬਲਰਾਜ ਸਿੰਘ ਨਾਮ ਦੇ ਸਖਸ਼ ਦੀ ਸੀ ਜੋ ਆਪਣੀ ਵਰਨਾ ਕਾਰ ਵਿਚ ਸਵਾਰ ਹੋ ਕੇ ਚੰਡੀਗੜ੍ਹ ਜਾ ਰਿਹਾ ਸੀ ਕਿ ਅਚਾਨਕ ਕੇ.ਐੱਫ.ਸੀ. ਦੇ ਸਾਹਮਣੇ ਫਲਾਈਓਵਰ ਦੇ ਉੱਪਰ ਗੱਡੀ ਵਿਚੋਂ ਧੂੰਆਂ ਨਿਕਲਣ ਲੱਗ ਪਿਆ, ਜਿਸ ਤੋਂ ਬਾਦ ਕਾਰ ਸਵਾਰ ਨੇ ਤੁਰੰਤ ਕਾਰ ਰੋਕ ਕੇ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ। ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ।