ਬਰਨਾਲਾ ਅਧੀਨ ਆਉਂਦੇ ਧਨੌਲਾ ਵਿਖੇ ਪ੍ਰਸਿੱਧ ਮੰਦਰ ਬਰਨੇਵਾਲਾ ਦੇ ਲੰਗਰ ਹਾਲ ਵਿਚ ਅਚਾਨਕ ਅੱਗ ਲੱਗਣ ਕਾਰਨ 15 ਦੇ ਕਰੀਬ ਲੋਕਾਂ ਦੇ ਝੁਲਸਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਹਾਦਸੇ ਦਾ ਸ਼ਿਕਾਰ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ, ਜਿਨ੍ਹਾਂ ਵਿਚੋਂ 6 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਐ। ਘਟਨਾ ਦੀ ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ ਐ। ਮੌਕੇ ਤੇ ਪਹੁੰਚੇ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਕਿਹਾ ਕਿ ਲੰਗਰ ਹਾਲ ਵਿੱਚ ਸਿਲੰਡਰ ਦਾ ਕੋਈ ਵੀ ਧਮਾਕਾ ਨਹੀਂ ਹੋਇਆ ਅਤੇ ਇਹ ਅੱਗ ਕੁਕਿੰਗ ਆਇਲ ਕਰਕੇ ਲੱਗੀ ਐ, ਜਿਸ ਤੇ ਕਾਬੂ ਪਾ ਲਿਆ ਗਿਆ ਐ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੇ ਵਿਸ਼ਵਾਸ਼ ਨਾ ਕਰਨ ਦੀ ਸਲਾਹ ਦਿੱਤੀ ਐ।
ਉਧਰ ਮੁੱਖ ਮੰਤਰੀ ਮਾਨ ਨੇ ਘਟਨਾ ਨੂੰ ਲੈ ਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਪੀੜੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਤੇ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬੀਤੀ ਸ਼ਾਮ ਧਨੌਲਾ ਵਿਖੇ ਸਥਿਤ ਸ਼੍ਰੀ ਹਨੂੰਮਾਨ ਜੀ ਦੇ ਪ੍ਰਸਿੱਧ ਮੰਦਰ ਬਾਬਾ ਬਰਨੇਵਾਲਾ ‘ਚ ਲੰਗਰ ਤਿਆਰ ਕਰਦੇ ਸਮੇਂ ਅੱਗ ਲੱਗਣ ਕਾਰਨ ਵਾਪਰੀ ਮੰਦਭਾਗੀ ਘਟਨਾ ਸੁਣ ਕੇ ਦੁੱਖ ਲੱਗਿਆ ਐ। ਅੱਗ ਦੀ ਲਪੇਟ ‘ਚ ਆਉਣ ਕਾਰਨ ਕਈ ਸ਼ਰਧਾਲੂ ਜਖ਼ਮੀ ਹੋਏ ਹਨ। ਪਰਮਾਤਮਾ ਅੱਗੇ ਸਭ ਦੀ ਤੰਦਰੁਸਤੀ ਤੇ ਸਲਾਮਤੀ ਦੀ ਅਰਦਾਸ ਕਰਦੇ ਹਾਂ। ਸਰਕਾਰ ਪਰਿਵਾਰਾਂ ਦੇ ਨਾਲ ਖੜ੍ਹੀ ਹੈ ਤੇ ਹਰ ਸੰਭਵ ਮਦਦ ਕੀਤੀ ਜਾਵੇਗੀ।