ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣੀ ਭੁੱਲ ਬਖਸ਼ਾ ਲਈ ਐ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਨ੍ਹਾਂ ਨੂੰ ਹੋਈ ਭੁੱਲ ਬਦਲੇ ਧਾਰਮਿਕ ਸਜ਼ਾ ਲਾਈ ਗਈ ਐ। ਜਥੇਦਾਰ ਗੜਗੱਜ ਵੱਲੋਂ ਮੰਤਰੀ ਹਰਜੋਤ ਬੈਂਸ ਨੂੰ 2 ਦਿਨ ਗੁਰਦੁਆਰਾ ਸੀਸ ਗੰਜ ਸਾਹਿਬ ਅਨੰਦਪੁਰ ਸਾਹਿਬ ਵਿਖੇ ਹਾਜ਼ਰ ਹੋਣ ਕੇ ਜੋੜਿਆਂ ਦੀ ਸੇਵਾ ਕਰਨ ਦੇ ਹੁਕਮ ਦਿੱਤੇ ਨੇ। ਸੇਵਾ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ 1100 ਰੁਪਏ ਦੀ ਦੇਗ ਕਰਵਾਉਣਗੇ।
ਇਸ ਤੋਂ ਇਲਾਵਾ, ਉਨ੍ਹਾਂ ਨੂੰ ਗੁਰਦੁਆਰਾ ਗੁਰੂ ਕੇ ਮਹਲ ਤੱਕ ਪੈਦਲ ਜਾਣਾ ਹੋਵੇਗਾ ਅਤੇ ਉਨ੍ਹਾਂ ਰਸਤਾ ਚੰਗਾ ਕਰਵਾਉਣ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਗੁਰਦੁਆਰਾ ਕੋਠਾ ਸਾਹਿਬ ਅਤੇ ਬਾਬਾ ਬਕਾਲਾ ਸਾਹਿਬ ਵਿੱਚ ਵੀ ਮੰਤਰੀ ਨੂੰ 100 ਮੀਟਰ ਪੈਦਲ ਚੱਲਣਾ ਪਵੇਗਾ।
ਇਸੇ ਦੌਰਾਨ ਸਿੰਘ ਸਾਹਿਬਾਨ ਵਲੋਂ ਪੰਜਾਬ ਸਰਕਾਰ ਨੂੰ ਵੀ ਆਦੇਸ਼ ਕੀਤਾ ਗਿਆ ਕਿ ਉਹ ਸ਼ਤਾਬਦੀਆਂ ਸੰਬੰਧੀ ਸੈਮੀਨਾਰ, ਭਾਸ਼ਣ ਗੋਸ਼ਟੀਆਂ ਕਰਵਾਏ ਪਰ ਨਗਰ ਕੀਰਤਨ ਸਜਾਉਣੇ ਸਿੱਖ ਸੰਸਥਾਵਾਂ ਦਾ ਕਾਰਜ ਹੈ ਤੇ ਉਹ ਸ਼ਤਾਬਦੀ ਸਮਾਗਮਾਂ ਮੌਕੇ ਮਰਿਆਦਾ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਸਹਿਯੋਗ ਪ੍ਰਾਪਤ ਕਰੇ। ਇਸ ਮੌਕੇ ਜੰਮੂ ਕਸ਼ਮੀਰ ਤੋਂ ਆਏ ਤਿੰਨ ਸਿੱਖਾਂ ਰਣਜੀਤ ਸਿੰਘ ਜਗਪਾਲ ਸਿੰਘ ਅਤੇ ਸੋਮਨਾਥ ਸਿੰਘ ਨੂੰ ਵੀ ਧਾਰਮਿਕ ਤਨਖਾਹ ਸੁਣਾਈ ਗਈ।
ਦੱਸਣਯੋਗ ਐ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੇ 350ਵੇਂ ਸ਼ਹੀਦੀ ਸਮਾਗਮ ਦੌਰਾਨ ਭੰਗੜਾ ਪਾਉਣ ਦੇ ਮਾਮਲੇ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਤਲਬ ਕੀਤਾ ਸੀ, ਜਿਸ ਤੋਂ ਬਾਅਦ ਉਹ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ। ਇਹ ਮਾਮਲਾ ਉਸ ਸਮੇਂ ਉੱਭਰਿਆ ਜਦੋਂ ਸ਼ਹੀਦੀ ਸਮਾਗਮ ਦੌਰਾਨ ਗਾਇਕ ਬੀਰ ਸਿੰਘ ਦੇ ਗੀਤਾਂ ‘ਤੇ ਭੰਗੜਾ ਪਾਇਆ ਗਿਆ ਸੀ। ਸਮਾਗਮ ਇੱਕ ਗੰਭੀਰ ਧਾਰਮਿਕ ਮੌਕਾ ਸੀ, ਜਿਸ ਦੌਰਾਨ ਨਾਚ-ਗਾਣਾ ਹੋਣਾ ਸਿੱਖ ਰਹਿਤ ਮਰਿਆਦਾ ਦੇ ਖਿਲਾਫ਼ ਮੰਨਿਆ ਗਿਆ ਸੀ।