ਪਾਕਿਸਤਾਨ ਦੀ ਜੇਲ੍ਹ ਅੰਦਰ ਬੰਦ ਅੰਮ੍ਰਿਤਪਾਲ ਦੇ ਮਾਪਿਆਂ ਨੇ ਮੰਗਿਆ ਇਨਸਾਫ਼ ਪਰਿਵਾਰ ਨੇ ਵੱਡਾ ਇਕੱਠ ਕਰ ਕੇ ਸਰਕਾਰ ਤੋਂ ਦਖ਼ਲ ਦੇਣ ਦੀ ਕੀਤੀ ਮੰਗ

0
2

ਗਲਤੀ ਨਾਲ ਸਰਹੱਦ ਪਾਰ ਕਰ ਕੇ ਪਾਕਿਸਤਾਨ ਗਏ ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਇਲਾਕਾ ਵਾਸੀਆਂ ਸਮੇਤ ਇਕੱਠੇ ਹੋ ਕੇ ਸਰਕਾਰ ਤੋਂ ਉਨ੍ਹਾਂ ਦੇ ਪੁੱਤਰ ਨੂੰ ਵਾਪਸ ਮੰਗਵਾਉਣ ਦੀ ਮੰਗ ਕੀਤੀ ਐ। ਪਰਿਵਾਰ ਦਾ ਕਹਿਣਾ ਐ ਕਿ ਅੰਮ੍ਰਿਤਪਾਲ ਸਿੰਘ ਖੇਤਾਂ ਵਿਚ ਕੰਮ ਕਰਨ ਗਿਆ ਸੀ ਅਤੇ ਗਲਤੀ ਨਾਲ ਪਾਕਿਸਤਾਨ ਵਾਲੇ ਪਾਸੇ ਚਲੇ ਗਿਆ ਸੀ, ਜਿੱਥੇ ਪਾਕਿਸਤਾਨ ਦੀ ਅਦਾਲਤ ਨੇ ਉਸ ਨੂੰ ਇਕ ਮਹੀਨੇ ਦੀ ਕੈਦ ਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਐ। ਪਰਿਵਾਰ ਦੇ ਹੱਕ ਵਿਚ ਨਿਤਰੇ ਇਲਾਕਾ ਵਾਸੀਆਂ ਨੇ ਵੀ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮਾਮਲੇ ਵਿਚ ਦਖਲ ਦੇ ਕੇ ਅੰਮ੍ਰਿਤਪਾਲ ਨੂੰ ਪਾਕਿਸਤਾਨ ਦੀ ਜੇਲ੍ਹ ਵਿਚੋਂ ਰਿਹਾਅ ਕਰਵਾ ਕੇ ਵਾਪਸ ਲਿਆਉਣ ਦੀ ਮੰਗ ਕੀਤੀ ਐ।
ਦੱਸਣਯੋਗ ਐ ਕਿ ਅੰਮ੍ਰਿਤਪਾਲ ਸਿੰਘ ਫਾਜ਼ਿਲਕਾ ਦੇ ਜਲਾਲਾਬਾਦ ਦੇ ਖੈਰੇ ਪਿੰਡ ਨਾਲ ਸਬੰਧਤ ਐ ਅਤੇ ਕਿਸਾਨ ਪਰਿਵਾਰ ਨਾਲ ਸਬੰਧਤ ਐ ਜੋ ਤਾਰ ਪਾਰਲੇ ਖੇਤਾਂ ਵਿਚ ਕੰਮ ਕਰਨ ਜਾਣ ਦੌਰਾਨ ਲਾਪਤਾ ਹੋ ਗਿਆ ਸੀ ਅਤੇ ਬਾਅਦ ਵਿਚ ਪਾਕਿਸਤਾਨ ਦੀ ਇੱਕ ਅਦਾਲਤ ਨੇ ਅੰਮ੍ਰਿਤਪਾਲ ਸਿੰਘ ਨੂੰ ਸਜ਼ਾ ਸੁਣਾਉਣ ਦਾ ਖੁਲਾਸਾ ਹੋਇਆ ਸੀ। ਅੰਮ੍ਰਿਤਪਾਲ ਨੂੰ ਵਿਦੇਸ਼ੀ ਐਕਟ 1946 ਦੇ ਤਹਿਤ ਇੱਕ ਮਹੀਨੇ ਦੀ ਕੈਦ ਅਤੇ 50,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਜੇਕਰ ਉਹ ਜੁਰਮਾਨਾ ਅਦਾ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਉਸ ਨੂੰ 15 ਦਿਨ ਹੋਰ ਜੇਲ੍ਹ ਵਿੱਚ ਰਹਿਣਾ ਪਵੇਗਾ। ਅੰਮ੍ਰਿਤਪਾਲ ਨੂੰ ਇਸਲਾਮਾਬਾਦ ਜੇਲ੍ਹ ਵਿੱਚ ਰੱਖਿਆ ਗਿਆ ਹੈ। ਖਬਰਾਂ ਮੁਤਾਬਕ ਅਦਾਲਤ ਨੇ ਸਜ਼ਾ ਪੂਰੀ ਹੋਣ ਤੋਂ ਬਾਅਦ ਉਸ ਨੂੰ ਭਾਰਤ ਵਾਪਸ ਭੇਜਣ ਦੇ ਨਿਰਦੇਸ਼ ਵੀ ਦਿੱਤੇ ਨੇ। ਅਦਾਲਤ ਦੇ ਇਸ ਫੈਸਲੇ ਨਾਲ ਪਰਿਵਾਰ ਨੂੰ ਕੁਝ ਰਾਹਤ ਮਿਲੀ ਹੈ।
ਅੰਮ੍ਰਿਤਪਾਲ ਦੇ ਪਿਤਾ ਜਗਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ 21 ਜੂਨ ਨੂੰ ਖੇਤੀ ਕਰਨ ਲਈ ਭਾਰਤ-ਪਾਕਿ ਸਰਹੱਦ ਪਾਰ ਗਿਆ ਸੀ, ਪਰ ਸ਼ਾਮ ਤੱਕ ਵਾਪਸ ਨਹੀਂ ਆਇਆ।ਪਰਿਵਾਰ ਦੀ ਸ਼ਿਕਾਇਤ ਅਤੇ ਪੈਰਾਂ ਦੇ ਨਿਸ਼ਾਨਾਂ ਦੀ ਜਾਂਚ ਤੋਂ ਪਤਾ ਲੱਗਿਆ ਕਿ ਅੰਮ੍ਰਿਤਪਾਲ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ ਪਾਰ ਕਰ ਗਿਆ ਸੀ। ਪਹਿਲਾਂ ਤਾਂ ਪਾਕਿਸਤਾਨੀ ਅਧਿਕਾਰੀਆਂ ਨੇ ਪਾਕਿਸਤਾਨ ਵਿੱਚ ਉਸ ਦੀ ਮੌਜੂਦਗੀ ਤੋਂ ਇਨਕਾਰ ਕਰ ਦਿੱਤਾ ਸੀ, ਪਰ ਬਾਅਦ ਵਿੱਚ ਇਹ ਪੁਸ਼ਟੀ ਹੋਈ ਕਿ ਉਹ ਇੱਕ ਪੁਲਿਸ ਸਟੇਸ਼ਨ ਵਿੱਚ ਮੌਜੂਦ ਹੈ।
ਬੀਐਸਐਫ ਅਤੇ ਪਾਕਿ ਰੇਂਜਰਸ ਵਿਚਕਾਰ ਤਿੰਨ ਵਾਰ ਫਲੈਗ ਮੀਟਿੰਗਾਂ ਹੋ ਚੁੱਕੀਆਂ ਹਨ। ਹੁਣ ਅਦਾਲਤ ਦੇ ਫੈਸਲੇ ਨਾਲ,ਪਰਿਵਾਰ ਨੂੰ ਉਮੀਦ ਹੈ ਕਿ ਅੰਮ੍ਰਿਤਪਾਲ ਨੂੰ ਜਲਦੀ ਹੀ ਭਾਰਤ ਲਿਆਂਦਾ ਜਾਵੇਗਾ। ਅੰਮ੍ਰਿਤਪਾਲ ਦਾ ਇੱਕ ਚਾਰ ਮਹੀਨੇ ਦਾ ਪੁੱਤਰ ਵੀ ਹੈ ਅਤੇ ਉਹ ਪਰਿਵਾਰ ਦਾ ਇਕਲੌਤਾ ਪੁੱਤਰ ਹੈ।

LEAVE A REPLY

Please enter your comment!
Please enter your name here