ਅੰਮ੍ਰਿਤਸਰ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਲੀਡਰਸ਼ਿਪ ਦੀ ਪ੍ਰੈੱਸ ਕਾਨਫਰੰਸ; ਪੁਲਿਸ ਅਧਿਕਾਰੀ ਵੱਲੋਂ ਕੀਤੇ ਵਿਵਹਾਰ ਦੀ ਸਖਤ ਸ਼ਬਦਾਂ ’ਚ ਕੀਤੀ ਨਿੰਦਾ; ਸਰਕਾਰ ਤੋਂ ਐਸਪੀ ਖਿਲਾਫ਼ ਘਟੀਆ ਭਾਸ਼ਾ ਵਰਤਣ ਲਈ ਕਾਰਵਾਈ ਦੀ ਕੀਤੀ ਮੰਗ

0
6

 

ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਲੀਡਰਸ਼ਿਪ ਨੇ ਪ੍ਰੈੱਸ ਕਾਨਫਰੰਸ ਕਰ ਕੇ ਪੰਜਾਬ ਪੁਲਿਸ ਦੇ ਐਸਪੀ ਹਰਪਾਲ ਸਿੰਘ ’ਤੇ ਗੰਭੀਰ ਇਲਜਾਮ ਲਾਏ ਨੇ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਬੀਤੇ ਦਿਨ ਅੰਮ੍ਰਿਤਸਰ ਅਦਾਲਤ ਵਿਖੇ ਅਮ੍ਰਿਤਪਾਲ ਸਿੰਘ ਦੇ ਸਾਥੀ ਸਿੰਘਾਂ ਦੀ ਪੇਸ਼ੀ ਦੌਰਾਨ ਪਹਿਲਾਂ ਪੁਲਿਸ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿੰਘਾਂ ਨਾਲ ਮੁਲਾਕਾਤ ਕਰਵਾਉਣ ਦਾ ਵਾਅਦਾ ਕੀਤਾ ਅਤੇ ਬਾਅਦ ਵਿਚ ਜਦੋਂ ਉਨ੍ਹਾਂ ਨੇ ਵਾਅਦਾ ਪੂਰਾ ਕਰਨ ਲਈ ਕਿਹਾ ਤਾਂ ਪੁਲਿਸ ਨੇ ਲੋਕਾਂ ਦੀ ਖਿੱਚਧੂਹ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਐਸਪੀ ਹਰਪਾਲ ਸਿੰਘ ਨੇ ਪਰਿਵਾਰਕ ਮੈਂਬਰਾਂ ਤੇ ਬਾਕੀ ਲੋਕਾਂ ਨਾਲ ਬਹੁਤ ਹੀ ਘਟੀਆ ਵਿਵਹਾਰ ਕੀਤਾ ਅਤੇ ਅਪਸ਼ਬਦਾਂ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀ ਦਾ ਵਤੀਰਾ ਬਹੁਤ ਹੀ ਨਿੰਦਣਯੋਗ ਸੀ, ਇਸ ਲਈ ਪੁਲਿਸ ਅਧਿਕਾਰੀ ਨੂੰ ਸਸਪੈਂਡ ਕਰ ਕੇ ਉਸ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਐ।
ਉਨ੍ਹਾਂ ਕਿਹਾ ਕਿ ਐਸਪੀ ਨੇ ਅਪਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ ਕਿ “ਤੁਹਾਡੇ ਮੁੰਡੇ ਨੇ ਪੰਜਾਬ ਨੂੰ ਅੱਗ ਲਵਾ ਦਿੱਤੀ ਹੈ, ਤੁਸੀਂ ਬਹੁਤ ਪੈਸਾ ਕਮਾ ਲਿਆ, ਹੁਣ ਇਹ ਡਰਾਮੇ ਬੰਦ ਕਰੋ”। ਇਸ ਤੋਂ ਇਲਾਵਾ ਹੋਰ ਸਿੰਘ ਪਰਿਵਾਰਾਂ ਦੀਆਂ ਔਰਤਾਂ ਨਾਲ ਵੀ ਧੱਕਾ ਮੁੱਕੀ ਕੀਤੀ ਗਈ, ਉਨ੍ਹਾਂ ਦੇ ਕੱਪੜੇ ਖਿੱਚੇ ਗਏ ਅਤੇ ਕਈ ਔਰਤਾਂ ਜ਼ਖ਼ਮੀ ਹੋਈਆਂ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਜਦੋਂ ਮਾਮਲਾ ਅਜੇ ਅਦਾਲਤ ਵਿੱਚ ਚੱਲ ਰਿਹਾ ਹੈ, ਤਾਂ ਇਸ ਤਰ੍ਹਾਂ ਦੀਆਂ ਔਰਤਾਂ ਨਾਲ ਬਦਸਲੂਕੀ ਕਰਨਾ ਪੂਰੀ ਤਰ੍ਹਾਂ ਅਸਮਾਜਿਕ ਅਤੇ ਅਸੰਵਿਧਾਨਕ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ (ਵਾਰਿਸ ਪੰਜਾਬ) ਐਸ.ਪੀ. ਹਰਪਾਲ ਸਿੰਘ ਦੇ ਇਸ ਸ਼ਰਮਨਾਕ ਵਿਵਹਾਰ ਦੀ ਘੋਰ ਨਿੰਦਾ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਜਿਸ ਅਧਿਕਾਰੀ ਨੇ ਪੰਜਾਬ ਵਿੱਚ ਸਭ ਤੋਂ ਵਧੀਕ ਵੋਟਾਂ ਨਾਲ ਜਿੱਤਣ ਵਾਲੇ ਸੰਸਦ ਮੈਂਬਰ ਦੀ ਮਾਂ ਅਤੇ ਇਕ ਸਿੱਖ ਔਰਤ ਨਾਲ ਅਸ਼ਿਸਟ ਵਿਵਹਾਰ ਕੀਤਾ, ਉਸ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ, ਉਸ ਉੱਤੇ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਉਸ ਦਾ ਤਬਾਦਲਾ ਕਰਕੇ ਉਸ ਨੂੰ ਸਜ਼ਾ ਦਿੱਤੀ ਜਾਵੇ।
ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੇ ਅਧਿਕਾਰੀ ਨਾ ਸਿਰਫ ਪੁਲਿਸ ਵਿਭਾਗ ਨੂੰ ਬਦਨਾਮ ਕਰਦੇ ਹਨ, ਬਲਕਿ ਸਿੱਖ ਧਰਮ ਉੱਤੇ ਵੀ ਕਲੰਕ ਹਨ। ਇਸ ਤੋਂ ਇਲਾਵਾ, ਬਾਪੂ ਤਰਸੇਮ ਸਿੰਘ ਨੇ ਇਹ ਵੀ ਖੁਲਾਸਾ ਕੀਤਾ ਕਿ ਪੰਜਾਬ ਪੁਲਿਸ ਪਿਛਲੇ ਕੁਝ ਦਿਨਾਂ ਤੋਂ ਭਾਈ ਅਮ੍ਰਿਤਪਾਲ ਸਿੰਘ ਨੂੰ ਲੈ ਕੇ ਨਸ਼ੇ ਦੀ ਆਦਤ ਬਾਰੇ ਝੂਠੇ ਇਲਜ਼ਾਮ ਲਾ ਰਹੀ ਹੈ, ਜੋ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਨੇ ਇਸ ਦਾ ਵੀ ਸਖ਼ਤ ਵਿਰੋਧ ਕੀਤਾ ਅਤੇ ਕਿਹਾ ਕਿ ਅਦਾਲਤ ਵਿੱਚ ਹਾਜ਼ਰੀ ਦਿੰਦੇ ਹੋਏ ਪ੍ਰਧਾਨ ਬਾਜੇਕੇ ਨੇ ਵੀ ਇਹ ਸਾਫ ਕੀਤਾ ਹੈ ਕਿ ਇਹ ਸਾਰੀਆਂ ਗੱਲਾਂ ਝੂਠੀਆਂ ਹਨ।

LEAVE A REPLY

Please enter your comment!
Please enter your name here