ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ। ਸਰਕਾਰ ਵੱਲੋਂ ਮੁਹੱਲਾ ਕਲੀਨਿਕਾਂ ਰਾਹੀਂ ਲੋਕਾਂ ਨੂੰ ਘਰਾਂ ਨੇੜੇ ਸਿਹਤ ਸਹੂਲਤਾਂ ਦੇਣ ਤੋਂ ਬਾਅਦ ਹੁਣ ਲੋਕਾਂ ਨੂੰ ਹੋਰ ਜ਼ਿਆਦਾ ਸਿਹਤਮੰਦ ਰੱਖਣ ਲਈ ਨਵੇਂ ਨਵੇਂ ਢੰਗ-ਤਰੀਕੇ ਵਰਤੇ ਜਾ ਰਹੇ ਨੇ, ਜਿਸ ਦੇ ਤਹਿਤ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਵਿਚ ਵਟਸਐਪ ਚੈਟਬੋਟ ਲਾਂਚ ਕੀਤਾ ਗਿਆ ਐ। ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਹੁਣ ਲੋਕਾਂ ਨੂੰ ਵਟਸਐਪ ‘ਤੇ ਹੀ ਦਵਾਈਆਂ ਅਤੇ ਹੋਣ ਵਾਲੇ ਟੈਸਟਾਂ ਬਾਰੇ ਸਾਰੀ ਜਾਣਕਾਰੀ ਮਿਲਣੀ ਸ਼ੁਰੂ ਹੋ ਜਾਵੇਗੀ। ਲੋਕਾਂ ਨੂੰ ਪਰਚੀ ਜਾਂ ਰਿਪੋਰਟ ਲਈ ਵੀ ਕਲੀਨਿਕ ਆਉਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਵਟਸਐਪ ‘ਤੇ ਹੀ ਉਨ੍ਹਾਂ ਨੂੰ ਸਭ ਕੁੱਝ ਮੁਹੱਈਆ ਕਰਵਾ ਦਿੱਤਾ ਜਾਵੇਗਾ। ਇਸ ਤਹਿਤ, ਨੁਸਖ਼ਾ ਅਤੇ ਸਾਰੀ ਜਾਣਕਾਰੀ ਮਰੀਜ਼ ਦੇ ਵਟਸਐਪ ਤੱਕ ਪਹੁੰਚੇਗੀ। ਇਸ ਸਕੀਮ ਦੇ ਸ਼ੁਰੂ ਹੋਣ ਨਾਲ ਸਲਿੱਪ ਸਿਸਟਮ ਪੂਰੀ ਤਰ੍ਹਾਂ ਬੰਦ ਹੋਣ ਦੇ ਆਸਾਰ ਨੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਐਮ ਮਾਨ ਨੇ ਕਿਹਾ ਕਿ ਸਰਕਾਰ ਦੀ ਇਸ ਪਹਿਲ ਨਾਲ ਲੋਕਾਂ ਨੂੰ ਦਰਪੇਸ਼ ਸਿਹਤ ਸਬੰਧੀ ਸਮੱਸਿਆਵਾਂ ਵਿਚ ਕਮੀ ਆਵੇਗੀ ਕਿਉਂਕਿ ਸਮੇਂ ‘ਤੇ ਟੈਸਟ ਹੋਣ ਤੇ ਫਿਰ ਉਸ ਹਿਸਾਬ ਨਾਲ ਦਵਾਈ ਖਾਣ ਨਾਲ ਸਿਹਤ ਸਬੰਧੀ ਸਮੱਸਿਆਵਾਂ ਖਤਮ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਦੇ ਲੋਕਾਂ ਦੀ ਸੋਚ ਇਹੀ ਹੈ ਕਿ ਪੋਤੇ ਦਾ ਮੂੰਹ ਦੇਖ ਲਈਏ, ਸਿਰਫ ਇੰਨੀ ਕੁ ਜ਼ਿੰਦਗੀ ਹੈ ਪਰ ਜੇਕਰ ਬੀਮਾਰੀ ਦਾ ਸਮੇਂ ‘ਤੇ ਪਤਾ ਲੱਗ ਜਾਵੇ ਤਾਂ ਲੋਕ ਪੋਤੇ ਦਾ ਵਿਆਹ ਵੀ ਦੇਖ ਸਕਦੇ ਹਨ। ਮੁੱਖ ਮੰਤਰੀ ਨੇ ਦੱਸਿਆ ਕਿ 880 ਆਮ ਆਦਮੀ ਕਲੀਨਿਕਾਂ ‘ਚ ਰੋਜ਼ਾਨਾ 70 ਹਜ਼ਾਰ ਮਰੀਜ਼ ਚੈਕਅਪ ਕਰਵਾਉਣ ਲਈ ਆਉਂਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸਿਹਤ ਦੀ ਚਿੰਤਾ ਕਰਨਾ ਅਤੇ ਖ਼ਿਆਲ ਰੱਖਣਾ ਸਾਡਾ ਫਰਜ਼ ਬਣਦਾ ਹੈ। ਪੰਜਾਬ ਦੇ ਬਹੁਤ ਸਾਰੇ ਪਿੰਡ ਅਜਿਹੇ ਹਨ, ਜਿੱਥੇ ਬੱਚਾ ਪੈਦਾ ਹੋਣ ਤੋਂ ਪਹਿਲਾਂ ਹੀ ਖਿਡੌਣਿਆਂ ਦੀ ਥਾਂ ਵ੍ਹੀਲਚੇਅਰ ਲੈਣੀ ਪੈਂਦੀ ਹੈ ਕਿਉਂਕਿ ਉੱਥੋਂ ਦਾ ਪਾਣੀ ਖ਼ਰਾਬ ਹੈ ਅਤੇ ਯੂਰੇਨੀਅਮ ਵਰਗੇ ਧਾਤ ਪਾਏ ਜਾਂਦੇ ਹਨ। 5-6 ਸਾਲ ਦੇ ਬੱਚੇ ਆਪਣੇ ਵਾਲ ਰੰਗਦੇ ਹਨ। ਹਰ ਘਰ ‘ਚ ਵ੍ਹੀਲਚੇਅਰ ਮਿਲਦੀ ਹੈ। ਇਸ ਲਈ ਵਿਸ਼ਵ ਸਿਹਤ ਸੰਗਠਨ ਨੂੰ ਇਨ੍ਹਾਂ ਪਿੰਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਨ੍ਹਾਂ ਪਿੰਡਾਂ ਦੇ ਹਾਲਾਤ ਇਹ ਹਨ ਕਿ ਤੁਸੀਂ ਜੇਕਰ ਟੂਟੀ ਤੋਂ ਪਾਣੀ ਭਰੋਗੇ ਤਾਂ ਇਹ 5 ਮਿੰਟਾਂ ਦੇ ਅੰਦਰ ਕਾਲੇ ਰੰਗ ਦਾ ਹੋ ਜਾਵੇਗਾ। ਬੇਔਲਾਦ ਜੋੜਿਆਂ ਦੀ ਵੀ ਗਿਣਤੀ ਵੱਧ ਰਹੀ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਨ੍ਹਾਂ ਇਲਾਕਿਆਂ ‘ਚ ਕੋਈ ਨਾ ਕੋਈ ਪ੍ਰਾਜੈਕਟ ਲਾਇਆ ਜਾਵੇ ਅਤੇ ਇੱਥੇ ਜਾ ਕੇ ਲੱਗਦਾ ਹੀ ਨਹੀਂ ਹੈ ਇਹ ਹੱਸਦਾ-ਖੇਡਦਾ ਪੰਜਾਬ ਹੈ, ਸਗੋਂ ਇੰਝ ਲੱਗਦਾ ਹੈ ਕਿ ਹਸਪਤਾਲ ਦੇ ਕਿਸੇ ਐਮਰਜੈਂਸੀ ਵਾਰਡ ‘ਚ ਆ ਗਏ ਹਾਂ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਰਾ ਕੁੱਝ ਮਨੁੱਖ ਦੇ ਵਾਤਾਵਰਣ ਨਾਲ ਖਿਲਵਾੜ ਕਰਨ ਕਾਰਨ ਹੋਇਆ ਐ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਪਵਨ ਗੁਰੂ ਪਾਣੀ ਪਿਤਾ ਦਾ ਹੌਕਾ ਦਿੱਤਾ ਸੀ ਪਰ ਦੁੱਖ ਦੀ ਗੱਲ ਐ ਕਿ ਅੱਜ ਅਸੀਂ ਜੀਵਨ ਲਈ ਜ਼ਰੂਰੀ ਇਨ੍ਹਾਂ ਤਿੰਨੇ ਚੀਜ਼ਾਂ ਨੂੰ ਪਲੀਤ ਕਰ ਦਿੱਤਾ ਐ, ਜਿਸ ਕਾਰਨ ਮਨੁੱਖ ਨੂੰ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਐ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਵਾ ਪਾਣੀ ਤੇ ਧਰਤੀ ਨੂੰ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਐ ਅਤੇ ਲੋਕਾਂ ਨੂੰ ਵੀ ਇਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਾਰੀਆਂ ਸਿਹਤ ਸਹੂਲਤਾਂ ਦੇ ਕੇ ਪੰਜਾਬ ਨੂੰ ਤੰਦਰੁਸਤ ਪੰਜਾਬ ਬਣਾਉਣ ਲਈ ਅੱਗੇ ਵਧ ਰਹੀ ਐ।