ਵਿਜੀਲੈਂਸ ਵੱਲੋਂ ਭਾਜਪਾ ਅੰਦਰ ਸ਼ਾਮਲ ਹੋਏ ਸਾਬਕਾ ਅਕਾਲੀ ਆਗੂ ਰਣਜੀਤ ਸਿੰਘ ਦੇ ਘਰ ਰੇਡ ਕੀਤੀ ਐ। ਇਹ ਰੇਡ ਰਣਜੀਤ ਸਿੰਘ ਗਿੱਲ ਦੇ ਭਾਜਪਾ ਵਿਚ ਜਾਣ ਤੋਂ ਬਾਅਦ ਕੀਤੀ ਗਈ ਐ। ਖਬਰਾਂ ਮੁਤਾਬਕ ਸਵੇਰ ਤੋਂ ਹੀ ਵਿਜੀਲੈਂਸ ਵੱਲੋਂ ਰਣਜੀਤ ਸਿੰਘ ਗਿੱਲ ਦੇ ਚੰਡੀਗੜ੍ਹ ਦੇ ਸੈਕਟਰ 2 ਅਤੇ ਮੋਹਾਲੀ ਦੇ ਫੇਜ 7 ਵਿਖੇ ਸਥਿਤ ਘਰ ਤੇ ਰੇਡ ਕੀਤੀ ਗਈ।
ਇਸੇ ਤਰ੍ਹਾਂ ਉਨ੍ਹਾਂ ਦੀ ਮਾਲਕੀ ਵਾਲੀ ਗਿਲਕੋ ਵੈਲੀ ਵਿਖੇ ਵੀ ਰੇਡ ਦੀ ਖਬਰ ਐ। ਦੱਸਣਯੋਗ ਹੈ ਕਿ ਰਣਜੀਤ ਸਿੰਘ ਗਿੱਲ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਮੌਜੂਦਗੀ ਬੀਤੇ ਦਿਨ ਵਿਚ ਭਾਜਪਾ ਦਾ ਪੱਲਾ ਫੜਿਆ ਸੀ। ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਹੀ ਅਕਾਲੀ ਦਲ ਵਿਚੋਂ ਅਸਤੀਫਾ ਦਿੱਤਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਰਣਜੀਤ ਸਿੰਘ ਗਿੱਲ ਗਿਲਕੋ ਦੇ ਮਾਲਕ ਹਨ ਅਤੇ 2017 ਤੇ 2022 ਵਿਚ ਖਰੜ ਤੋਂ ਚੋਣ ਲੜ ਚੁੱਕੇ ਹਨ।
ਰਣਜੀਤ ਸਿੰਘ ਗਿੱਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ 12 ਘੰਟਿਆਂ ਦੇ ਅੰਦਰ ਹੀ ਇਹ ਕਾਰਵਾਈ ਦੇਖੀ ਗਈ ਹੈ। ਰਣਜੀਤ ਸਿੰਘ ਗਿੱਲ ਸ਼ੁੱਕਰਵਾਰ ਸ਼ਾਮ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਸਰਕਾਰੀ ਘਰ ‘ਤੇ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਪਾਰਟੀ ਦੀਆਂ ਨੀਤੀਆਂ ‘ਤੇ ਪੂਰਾ ਵਿਸ਼ਵਾਸ ਪ੍ਰਗਟ ਕੀਤਾ। ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਗਿੱਲ ਨੇ ਕਿਹਾ ਕਿ ਉਹ ਪੰਜਾਬ ਵਿੱਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ।
ਜਾਣਕਾਰੀ ਅਨੁਸਾਰ ਪਹਿਲਾਂ ਇਹ ਕਿਆਸਰਾਈਆਂ ਸਨ ਕਿ ਰਣਜੀਤ ਸਿੰਘ ਗਿੱਲ, ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਪਰ ਬੀਤੇ ਦਿਨ ਦੇਰ ਰਾਤ ਉਨ੍ਹਾਂ ਨੇ ਭਾਜਪਾ ਵਿੱਚ ਸ਼ਮੂਲੀਅਤ ਕਰ ਲਈ, ਜਿਸ ਤੋਂ ਬਾਅਦ ਅੱਜ ਸਵੇਰੇ ਇਹ ਰੇਡ ਵੇਖਣ ਨੂੰ ਮਿਲੀ ਹੈ। ਉਧਰ ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਅੰਦਰ ਹਲਚਲ ਮੱਚ ਗਈ ਐ। ਖਾਸ ਕਰ ਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋਣ ਦੇ ਆਸਾਰ ਬਣ ਗਏ ਨੇ।